ਮਾਨਸਾ, 21 ਦਸੰਬਰ: ਪੰਜਾਬ ਸਰਕਾਰ ਤੋਂ ਸੇਵਾ ਮੁਕਤ ਬੀਡੀਪੀਓ ਕੁਲਜੀਤ ਸਿੰਘ ਮਾਨਸ਼ਾਹੀਆ ਨੂੰ ਪਿੰਡ ਮਾਨਸਾ ਖੁਰਦ ਦੇ ਲੋਕਾਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਉਹ ਲਗਭਗ 10 ਸਾਲ ਪਹਿਲਾਂ ਬਲਾਕ ਵਿਕਾਸ ਪੰਚਾਇਤ ਅਫਸਰ ਵੱਜੋ ਤਕਰੀਬਨ 8 ਸਾਲ ਸਰਵਿਸ ਰਹਿੰਦਿਆਂ ਹੀ ਲੋਕ ਹਿੱਤਾਂ ਲਈ ਸੇਵਾ ਮੁਕਤ ਹੋ ਗਏ ਸਨ, ਉਹ ਇਸ ਇਲਾਕੇ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਬੱਸ ਟਰਾਂਸਪੋਰਟਰ ਬਰਜਿੰਦਰ ਸਿੰਘ ਮਾਨਸ਼ਾਹੀਆ ਦੇ ਵੱਡੇ ਪੁੱਤਰ ਹਨ। ਉਨ੍ਹਾਂ ਵੱਲੋਂ ਪਿੰਡ ਦੀ ਕੀਤੀ ਜਾ ਰਹੀ ਸੇਵਾ ਨੂੰ ਮੁੱਖ ਰੱਖਦਿਆਂ ਇਕ ਲੰਬੇ ਵਖਵੇ ਤੋਂ ਬਾਅਦ ਮਾਨਸਾ ਖੁਰਦ ਦੇ ਲੋਕਾਂ ਵੱਲੋਂ ਪੂਰੀ ਪੰਚਾਇਤ ਨੂੰ ਹੀ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ ਤਾਂ ਜੋ ਮਾਨਸਾ ਦੀ ਬੁੱਕਲ ਵਿਚ ਬੈਠੇ ਇਸ ਪਿੰਡ ਦੀ ਤਰੱਕੀ ਦੇ ਬੂਹੇ ਖੁੱਲ੍ਹ ਸਕਣ।
ਦਿਲਚਸਪ ਗੱਲ ਹੈ ਕਿ ਕੁਲਜੀਤ ਸਿੰਘ ਮਾਨਸ਼ਾਹੀਆ ਸ੍ਰੋਮਣੀ ਅਕਾਲੀ ਦਲ ਦੇ ਰਾਜਭਾਗ ਦੌਰਾਨ ਲਗਭਗ 7 ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਤੌਰ ‘ਤੇ ਜੁੜ ਗਏ ਸਨ, ਹਾਲਾਂਕਿ ਉਸ ਵੇਲੇ ਪੰਜਾਬ ਵਿਚ ਬਾਦਲਾਂ ਦੀ ਤੂਤੀ ਬੋਲਦੀ ਸੀ। ਉਨ੍ਹਾਂ ਦੇ ਪਿਤਾ ਇਸ ਇਲਾਕੇ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਪਹਿਲੇ ਨੇੜਲੇ ਆਗੂਆਂ ਵਿਚੋਂ ਹੁੰਦੇ ਸਨ, ਹਾਲਾਂਕਿ ਬਾਅਦ ਵਿਚ ਕਈ ਕੁਝ ਮੁੱਦਿਆਂ ਨੂੰ ਲੈਕੇ ਮਰਹੂਮ ਬਰਜਿੰਦਰ ਸਿੰਘ ਮਾਨਸ਼ਾਹੀਆ ਬਾਦਲ ਦਲ ਨਾਲੋਂ ਵੱਖਰੇ ਹੋ ਗਏ ਸਨ।
ਇਥੇ ਜਿਕਰਯੋਗ ਹੈ ਕਿ ਕੁਲਜੀਤ ਸਿੰਘ ਮਾਨਸ਼ਾਹੀਆ, ਮਾਨਸਾ ਕਲੱਬ ਮਾਨਸਾ ਦੇ ਪ੍ਰਧਾਨ ਗੁਰਦੀਸ ਸਿੰਘ ਹਨੀ ਮਾਨਸ਼ਾਹੀਆ ਦੇ ਵੱਡੇ ਭਰਾ ਹਨ।
ਪੰਜਾਬ ਵਿਚ ਕੱਲ੍ਹ ਕਾਗਜਾਂ ਦੀ ਹੋਈ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਮਾਨਸਾ ਖੁਰਦ ਪਿੰਡ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਵਿਅਕਤੀ ਵੱਲੋਂ ਕਾਗਜ ਨਹੀਂ ਭਰੇ ਗਏ ਅਤੇ ਉਨ੍ਹਾਂ ਨੂੰ ਸਮੁੱਚੇ ਪਿੰਡ ਨੇ ਇਕਮਿਕ ਹੋਣ ਦਾ ਸਬੂਤ ਦਿੰਦਿਆਂ ਸਰਬਸੰਮਤੀ ਨਾਲ ਪੰਚਾਇਤ ਨੂੰ ਚੁਣ ਲਿਆ ਗਿਆ ਹੈ। ਉਨ੍ਹਾਂ ਸਰਪੰਚ ਬਣਨ ਤੋਂ ਬਾਅਦ ਕਿਹਾ ਕਿ ਉਹ ਪਿੰਡ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦੇਣਗੇ ਅਤੇ ਪੜ੍ਹਾਈ, ਖੇਡਾਂ, ਹਰ ਤਰ੍ਹਾਂ ਦਾ ਵਿਕਾਸ, ਭਾਈਚਾਰਕ ਸਾਂਝ, ਸਮਾਜਿਕ ਵਿਕਾਸ ਸਮੇਤ ਹਰ ਖੇਤਰ ਵਿਚ ਪਿੰਡ ਲਈ ਰੁੱਝੇ ਰਹਿਣਗੇ। ਉਹ ਇਸ ਵੇਲੇ ਇਲਾਕੇ ਦੀ ਸਭ ਤੋਂ ਪੁਰਾਣੀ ਬੱਸ ਕੰਪਨੀ ਮਾਨਸ਼ਾਹੀਆ ਟਰਾਂਸਪੋਰਟ ਦਾ ਕੰਮ-ਕਾਜ ਵੀ ਵੇਖ ਰਹੇ ਹਨ।