ਸਿੱਖ ਕੌਮ ਦੀ ਬਰਬਾਦੀ ਲਈ ਬਾਦਲ ਜ਼ੰਮੇਵਾਰ ਹੈ : ਰਣਜੀਤ ਸਿੰਘ ਬ੍ਰਹਮਪੁਰਾ
ਅੰਮਿ੍ਰਤਸਰ 30 ਸਤੰਬਰ( ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਹੈ ਕਿ ਕਿ ਉਹ ਕਿਸ ਮੂੰਹ ਨਾਲ ਤਖਤ ਸ਼੍ਰੀ ਅਕਾਲ ਤਖਤ ਸਾਹਿਬ,ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਤੋ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਪਾਰਟੀ ਦੇ ਝੰਡੇ ਹੇਠ ਸ਼ੁਰੂਆਤ ਕਰ ਰਹੇ ਹਨ , ਜਿਨਾ ਦਾ ਨਿਰਾਦਰ ਸਿੱਖਾਂ , ਗੈਰ ਸਿੱਖਾਂ ਕਰਵਾਉਣ ਲਈ ਜ਼ੁੰਮੇਵਾਰ ਹਨ । ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਹਿੰਦੀਆਂ ਕਲਾਂ ਵਿੱਚ. ਖੜਨ ਲਈ ਜ਼ੁੰਮੇਵਾਰ ਹੈ। ਉਨਾ ਦੋਸ਼ ਲਾਇਆ ਕਿ ਬਾਦਲਾਂ ਸਿੱਖ ਕੌਮ ਦਾ ਇਨਾ ਨੁਕਸਾਨ ਕੀਤਾ ਹੈ ਕਿ ਇਸ ਦੀ ਭਰਪਾਈ ਕਰਨ ਲਈ ਸਮਾ ਲੱਗੇਗਾ। ਸਿੱਖ ਨੌਜੁਆਨ ਪਤਿਤ ਹੋ ਰਿਹਾ ਹੈ। ਉਨਾ ਕਿਹਾ ਕਿ ਬਾਦਲਾਂ ਦਾ ਪੰਜਾਬ ਚ ਪੱਤਾ ਪੱਤਾ ਵੈਰੀ ਹੋ ਗਿਆ ਹੈ। ਇਸ ਦਾ ਕਾਰਨ ਪੰਜਾਬ ਦੇ ਗੱਭਰੂਆਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ੇ ਵੱਲ ਧੱਕਿਆ ਗਿਆ, ਬਰਗਾੜੀ ਕਾਂਡ ਇਨਾ ਵੇਲੇ ਵਾਪਰਿਆਂ ਪਰ ਅਸਲ ਦੋਸ਼ੀ ਫੜਨ ਦੀ ਥਾਂ ਸੌਦਾ ਸਾਧ ਨੂੰ ਪ੍ਰਫੁਲਿਤ ਕੀਤਾ। ਉਹ ਪੰਜਾਬ ਨੂੰ ਨਸ਼ੇੜੀ ਬਣਾਉਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਜ਼ੁੰਮੇਵਾਰ ਹੈ। ਪਰ ਹੁਣ ਸਭ ਕੁਝ ਗਵਾ ਕੇ ਮੁੜ ਕਿਸਾਨੀ ਦਾ ਹੇਜ਼ ਦਿਖਾ ਰਿਹਾ ਹੈ। ਜਿਸ ਨੂੰ ਪੰਜਾਬ ਤੇ ਖਾਸ ਕਰਕੇ ਸਿੱਖ ਮੁੰਹ ਨਹੀ ਲਾਉਣਗੇ। ਉਨਾ ਦੋਸ਼ ਲਾਇਆ ਕਿ ਬਾਦਲਾਂ ਚੰਦ ਵੋਟਾਂ ਬਦਲੇ ਪੰਥ ਚੋ ਛੇਕੇ ਸੌਦਾ ਸਾਧ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ । ਇਹ ਇਤਿਹਾਸਿਕ ਸਚਾਈ ਹੈ ਕਿ ਸਤਾ ਦੇ ਨਸ਼ੇ ਵਿੱਚ ਬਾਦਲਾਂ ਤਖਤਾਂ ਦੇ ਜੱਥੇਦਾਰ ਆਪਣੀ ਸਰਕਾਰੀ ਕੋਠੀ ਚੰਡੀਗੜ ਸੱਦ ਕੇ ਸੌਦਾ ਸਾਧ ਨੂੰ ਬਿਨਾ ਮੰਗਿਆ ਮੁਆਫੀ ਦਵਾਈ ਜਿਸ ਨਾਲ ਸਿੱਖ ਕੌਮ ਦੀ ਨਾ-ਵਰਨਣਯੋਗ ਹੇਠੀ ਦੁਨੀਆ ਭਰ ਵਿੱਚ ਹੋਈ। ਬਰਗਾੜੀ ਕਾਂਡ ਦੇ ਦੋਸ਼ੀ ਅਜੇ ਤੱਕ ਫੜੇ ਨਹੀ ਗਏ , ਜੇਕਰ ਉਸ ਸਮੇ ਸ ਬਾਦਲ ਸਿੱਖ ਕੌਮ ਦਾ ਭਲਾ ਕਰਨਾ ਚਾਹੁੰਦੇ ਸਨ ਤਾਂ ਉਹ ਅਸਲ ਦੋਸ਼ੀਆਂ ਨੂੰ ਕਟਹਿਰੇ ਚ ਖੜਾ ਕਰਦੇ ਪਰ ਇਨਸਾਫ ਮੰਗਦੀਆਂ ਸਿੱਖ ਸੰਸਥਾਵਾਂ ਤੇ ਲਾਠੀਚਾਰਜ ਕੀਤਾ ਗਿਆ ਅਤੇ ਪੁਲਿਸ ਨੇ ਗੋਲੀ ਨਾਲ 2 ਸਿੱਖ ਗੱਭਰੂ ਸ਼ਹੀਦ ਕਰ ਦਿੱਤੇ। ਇਸ ਤੋ ਇਲਾਵਾ ਗੁੰਮ ਹੋਏ 328 ਪਾਵਨ ਸਰੂਪਾਂ ਦੀਆਂ ਪੜਤਾਲਾਂ ਚ ਤਾਕਤਵਾਰ ਲੋਕ ਬੱਚ ਗਏ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਨੂੰ ਲੰਬਾ ਕਰਕੇ ਅਸਲੀਅਤ ਨੂੰ ਨੱਪ ਦਿੱਤਾ ਜਾਵੇ। ਕਿਸਾਨਾਂ ਦਾ ਹੁਣ ਹੇਜ਼ ਜਤਾਉਣ ਵਾਲੇ ਬਾਦਲਾਂ 10 ਸਾਲ ਤੱਕ ਉਨਾ ਦੀ ਬਾਂਹ ਨਹੀ ਫੜੀ ਪਰ ਸਭ ਕੁਝ ਗਵਾ ਕੇ ਹਰਸਿਮਰਤ ਕੌਰ ਬਾਦਲ ਦਾ ਮੋਦੀ ਸਰਕਾਰ ਤੋ ਅਸਤੀਫਾ ਦੇ ਕੇ ਦੇਸ਼ ਭਗਤ ਬਣ ਰਹੇ ਹਨ । ਖੇਤੀ ਆਰਡੀਨੈਸ ਰੱਦ ਕਰਵਾਉਣ ਲਈ ਬਾਦਲਾਂ ਕੁਝ ਨਹੀ ਕੀਤਾ, ਜੇਕਰ ਉਨਾ ਨੂੰ ਕਿਸਾਨੀ ਨਾਲ ਕੋਈ ਮੋਹ ਹੁੰਦਾ ਤਾਂ ਪਹਿ੍ਲਾਂ ਪਾਰਲੀਮੈਟ ਚ ਆਪਣੀ ਅਵਾਜ਼ ਬੁਲੰਦ ਕਰਦਿਆਂ ਅਸਤੀਫਾ ਦਿੰਦੇ । ਹੁਣ ਕਿਸਾਨ ਸੰਗਠਨਾਂ ਆਪਣੇ ਜੱਥੇਬੰਦਕ ਢਾਂਚੇ ਨਾਲ ਅੰਦੋਲਨ ਭਖਾ ਦਿੱਤਾ ਹੈ। ਪਰ ਕਿਸਾਨ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀ ਲਾ ਰਹੇ । ਸ ਬ੍ਰਹਮਪੁਰਾ ਨੇ ਮੋਦੀ ਹਕੂਮਤ ਨੂੰ ਨਿਸ਼ਾਨੇ ਤੇ ਲੈਦਿਆਂ ਸਪੱਸ਼ਟ ਕੀਤਾ ਕਿ ਉਹ ਕਿਸਾਨੀ ਦਾ ਇਮਤਿਹਾਨ ਲੈਣ ਦੀ ਥਾਂ ਪਾਸ ਕੀਤਾ ਬਿੱਲ ਰੱਦ ਕਰੇ , ਇਹ ਬਿੱਲ ਕਿਸਾਨ ਨੂੰ ਭਿਖਾਰੀ ਬਣਾਉਣ ਜਾ ਰਿਹਾ ਉਨਾ ਪੰਜਾਬ ਸਰਕਾਰ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਹ ਫੋਕੀ ਬਿਆਨਬਾਜ਼ੀ ਤੇ ਸ਼ੋਹਰਤ ਲੈਣ ਦੀ ਥਾਂ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਸੱਦ ਕੇ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਰੱਦ ਕਰੇ । ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨ ਰੇਲ ਰੋਕੋ ਕਿਸਾਨ ਅੰਦੋਲਨ ਦੀ ਉਹ ਪੂਰੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਤੇ ਕੌਰ ਕਮੇਟੀ ਅੰਨਦਾਤੇ ਨਾਲ ਖੜਾ ਹੈ। ਇਹ ਬਿਆਨ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋ ਜਾਰੀ ਕੀਤਾ ਗਿਆ।























