ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਨੇ ਦਿੱਲੀ ਅੰਦੋਲਨ ਦੇ ਬਾਵਜੂਦ ਵੱਧ ਰਹੇ ਆਤਮ ਹੱਤਿਆ ਦੇ ਰੁਝਾਨ ਸਬੰਧ ਚਿੰਤਾ ਪ੍ਰਗਟਾਈ
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਕੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਕੀਤੀ ਮੰਗ

ਮਾਨਸਾ, 30 ਮਾਰਚ (ਵਿਸ਼ਵ ਵਾਰਤਾ)-ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਵੱਲੋਂ ਰਾਜ ਵਿੱਚ ਲਗਾਤਾਰ ਵੱਧ ਰਹੀਆਂ ਖੁਕੁਸ਼ੀਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਸਮੁੱਚੇ ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ, ਬੱਚਿਆ ਦੀ ਸਿੱਖਿਆ ਦਾ ਪ੍ਰਬੰਧ ਅਤੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਦਾ ਪ੍ਰਬੰਧ ਫੋਰੀ ਤੌਰ ’ਤੇ ਕੀਤਾ ਜਾਵੇ ਅਤੇ ਮੁਆਵਜ਼ੇ ਦੀਆਂ ਅਰਜੀਆਂ ਦਾ ਨਿਪਟਾਰਾ 2015 ਚ’ ਬਣੀ ਪਾਲਿਸੀ ਦੇ ਅਨੁਸਾਰ ਸਮੇ ਸਿਰ ਕੀਤਾ ਜਾਵੇ।
ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੇ ਕਨਵੀਨਰ ਕਿਰਨਜੀਤ ਕੌਰ ਝੁਨੀਰ ਦੀ ਅਗਵਾਈ ਦਿੱਤੇ ਗਏ ਇਸ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਖੁਦਕੁਸੀਆ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ ਕਰੋਨਾ ਕਾਲ ਦੇ ਸਮੇ ਵਿੱਚ 3.50 ਦੇ ਕਰੀਬ ਖੁਦਕੁਸੀਆ ਦੇ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਖ਼ਬਾਰੀ ਰਿਪੋਰਟਾਂ ਮੁਤਾਬਕ ਮਾਨਸਾ ਜਿਲ੍ਹੇ ਦੇ ਕੁੱਲ 22 ਕੇਸ, ਬਠਿੰਡਾ ਜਿਲ਼੍ਹੇ ਦੇ 32 ਕੇਸ, ਜਿਸ ਵਿੱਚੋਂ 27 ਮਰਦ ਅਤੇ 5 ਔਰਤਾਂ ਹਨ, ਪਟਿਆਲਾ ਵਿੱਚੋ 46 ਕੇਸ, ਜਿਸ ਵਿੱਚੋ 29 ਮਰਦ ਤੇ 17 ਔਰਤਾਂ ਅਤੇ ਸੰਗੂਰਰ ਵਿੱਚ 51, ਜਿਸ ਵਿੱਚੋ 36 ਮਰਦ 15 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬੇਰੁਜਗਾਰ ਨੌਜਵਾਨ ਅਤੇ ਔਰਤਾਂ ਦੀ ਗਿਣਤੀ ਇਸ ਵਿੱਚ ਜ਼ਿਆਦਾ ਸਾਹਮਣੇ ਆਈ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੱਲਦੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ ਹਨ ਅਤੇ ਇਸ ਸਾਰੇ ਬਿਰਤਾਂਤ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਮਸਲਾ ਸਿਰਫ਼ ਇੱਕਲੇ ਤਿੰਨਾਂ ਕਾਨੂੰਨਾਂ ਦਾ ਹੀ ਨਹੀਂ, ਸਗੋਂ ਖੁਦਕੁਸ਼ੀਆਂ ਨੂੰ ਰੋਕਣ ਦਾ ਵੀ ਹੈ।
ਉਨ੍ਹਾਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਕਿ ਸਰਕਾਰੀ ਪਾਲਿਸੀ ਮੁਤਾਬਕ ਮੁਆਵਜੇ ਦੀ ਅਰਜੀ ਦਾ ਫੈਸਲਾ 1 ਮਹੀਨੇ ਦੇ ਅੰਦਰ-ਅੰਦਰ ਹੋਣਾ ਚਾਹੀਦਾ ਹੈ ਅਤੇ ਮਾਲ ਵਿਭਗ ਅਤੇ ਖੇਤੀਬਾੜੀ ਵਿਭਾਗ ਦੇ ਵੱਲੋ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਸਹਿਯੋਗ ਕਰਨਾ ਚਾਹੀਦੀ ਹੈ, ਜਦੋਂ ਕਿ ਸਰਕਾਰ ਵੱਲੋ ਮਿਲਣ ਵਾਲੀਆ ਸਾਰੀਆ ਸਹੂਲਤਾ ਪਹਿਲ ਦੇ ਆਧਾਰ ਤੇ ਇਨ੍ਹਾਂ ਪਰਿਵਾਰਾਂ ਨੂੰ ਦੇਣੀਆਂ ਚਾਹੀਦੀਆਂ ਹਨ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਲਿਸੀ ਵਿੱਚ ਖੁਦਕੁਸੀ ਪੀੜਤ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ, ਪਰ ਪਾਲਿਸੀ ਦੇ ਉਲਟ ਪਰਿਵਾਰ ਨੂੰ ਦਸਤਾਵੇਜ਼ ਸਬੰਧੀ ਬੇਲੋੜਾ ਉਲਝਾਇਆ ਜਾ ਰਿਹਾ ਹੈ।
ਇਸ ਮੌਕੇ ਜਸਪ੍ਰੀਤ ਸਿੰਘ ਕੋਟੜਾ, ਵੀਰਪਾਲ ਕੌਰ ਰੱਲਾ, ਰੁਪਿੰਦਰ ਕੌਰ ਸਿਰਸੀਵਾਲਾ, ਜਸਵੀਰ ਕੌਰ, ਸੁਖਵਿੰਦਰ ਕੌਰ ਵੀ ਹਾਜ਼ਰ ਸਨ।





















