ਕਿਸਾਨ-ਮੋਰਚਿਆਂ ‘ਚ ਸੰਵਿਧਾਨਕ-ਹੱਕਾਂ ਦੀ ਰਾਖ਼ੀ ਕਰਨ ਦਾ ਸੱਦਾ
ਭੀਮ ਰਾਓ ਅੰਬੇਡਕਰ ਦੀ 130ਵੀਂ ਜੈਯੰਤੀ ਨੂੰ ‘ਸੰਵਿਧਾਨ-ਬਚਾਓ ਦਿਵਸ’ ਵਜੋਂ ਮਨਾਇਆ
ਚੰਡੀਗੜ੍ਹ ,14 ਮਾਰਚ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੱਕੇ-ਮੋਰਚਿਆਂਂ ਦਾ 197ਵਾਂ ਦਿਨ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਇਆ ਗਿਆ। ਭਾਰਤੀ ਸੰਵਿਧਾਨ ਲਿਖਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਭੀਮ ਰਾਓ ਅੰਬੇਦਕਰ ਦੀ 130ਵੀਂ ਜੈਯੰਤੀ ਮਨਾਉਂਦਿਆਂ ਹਰ ਵਰਗ ਲੋਕਾਂ ਨੂੰ ਇੱਕਜੁੱਟ ਹੋ ਕੇ ਸੰਵਿਧਾਨਕ-ਹੱਕਾਂ ਦੀ ਰਾਖ਼ੀ ਕਰਨ ਦਾ ਸੱਦਾ ਦਿੱਤਾ ਗਿਆ। ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਸੰਦੇਸ਼ ਦਿੱਤਾ ਗਿਆ, ਸੰਗੀਤ-ਮੰਡਲੀਆਂ ਨੇ ਵੀ ਖੂਬ ਰੰਗ ਬੰਨ੍ਹਿਆ। ਹਾੜੀ ਦੇ ਸੀਜ਼ਨ ਦੇ ਬਾਵਜੂਦ ਕਿਸਾਨਾਂ-ਮਜ਼ਦੂਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਬਰੇਟਾ, ਬਰਨਾਲਾ, ਜਗਰਾਓਂ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਮਹਿਲ-ਕਲਾਂ ਸਮੇਤ ਪੰਜਾਬ ਭਰ ‘ਚ 68 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਸੰਬੋਧਨ ਸੰਯੁਕਤ ਕਿਸਾਨ-ਮੋਰਚਾ ਦੇ ਆਗੂਆਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਸ਼ੋਸ਼ਿਤ, ਦੱਬੇ-ਕੁਚਲੇ ਲੋਕਾਂ ਦੀ ਆਜ਼ਾਦੀ ਦੇ ਸੁਪਨਿਆਂ ਦੇ ਨਾਇਕ ਹਨ। ਅਸੀਂ ਉਹਨਾਂ ਨੂੰ ਸੰਵਿਧਾਨ ਦੇ ਸਿਰਜਣਹਾਰ ਵਜੋਂ ਜਾਣਦੇ ਹਾਂ। ਅੱਜ ਜਦੋਂ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਖੇਤੀਬਾੜੀ ਅਤੇ ਕਰਜ਼ੇ ਕਰਕੇ ਘਾਟਾ ਵੱਧ ਰਿਹਾ ਹੈ, ਤਾਂ ਇਸ ਦੇ ਕਾਰਨ ਖੇਤੀ ਨਾਲ ਜੁੜੇ ਲੋਕਾਂ ਉਤੇ ਸੰਕਟ ਵੀ ਵੱਧ ਰਿਹਾ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਉਣ ਸਮੇਂ ਇਸ ਗੱਲ ਦੀ ਚਰਚਾ ਕਰਨੀ ਜ਼ਰੂਰੀ ਹੈ ਕਿ ਸੰਵਿਧਾਨ ਵਿੱਚ ਮਿਲੇ ਬੁਨਿਆਦੀ ਅਧਿਕਾਰਾਂ ਦੀਆਂ ਕਿਸ ਕਦਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੌੜੀ ਦੇ ਆਖਰੀ ਡੰਡੇ ‘ਤੇ ਬੈਠੀ ਲੋਕਾਈ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੀ ਨਹੀਂ ਦਿੱਤੀ ਗਈ ਤੇ ਮਿਲੇ ਅਧਿਕਾਰਾਂ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ। ਕਿਰਤ ਕਾਨੂੰਨਾਂ ਵਿੱਚ ਸੋਧਾਂ ਅਤੇ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਨਿੱੱਜੀਕਰਨ ਤਾਜ਼ਾ ਮਿਸਾਲਾਂ ਹਨ। ਬੁਨਿਆਦੀ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਸਿਆਸਤ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ। ਸੱਤਾਧਾਰੀ ਕਿਸ ਕਦਰ ਅੜੀਅਲ ਹੋ ਗਏ ਹਨ, ਕਿਸਾਨ-ਅੰਦੋਲਨ ਉਸ ਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਅਤੇ ਬਿਜਲੀ ਬਿੱਲ 2020 ਵੀ ਕੇਂਦਰ-ਸਰਕਾਰ ਦੀਆਂ ਗ਼ਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਦੋਵਾਂ ਜ਼ਮੀਨਾਂ ਵਾਲੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਅਤੇ ਗਰੀਬਾਂ ਲਈ ਹੋਰ ਵੀ ਖ਼ਤਰਨਾਕ ਹੈ, ਕਿਉਂਕਿ ਕੰਪਨੀਆਂ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਨਾਮ ਤੇ ਵੱਡੇ ਪੱਧਰ ‘ਤੇ ਮਸ਼ੀਨਾਂ ਦੀ ਵਰਤੋਂ ਕਰਨਗੀਆਂ ਅਤੇ ਠੇਕੇ ਤੇ ਖੇਤੀ ਕਰਨ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਠੇਕੇ ‘ਤੇ ਖੇਤੀ ਕਰਨ ਵਾਲੇ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਤੋਂ ਹੀ ਆਉਂਦੇ ਹਨ। ਦੇਸ਼ ਦੇ ਲੋਕਾਂ ਲਈ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਬੇਜ਼ਮੀਨੇ ਕਿਸਾਨ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੀਆਂ ਨੇ।
ਕਿਸਾਨ-ਆਗੂਆਂ ਨੇ ਕਣਕ ਦੀ ਖ੍ਰੀਦ ਤੇਜ਼ ਕਰਨ ਅਤੇ ਬਾਰਦਾਨੇ ਦੀ ਘਾਟ ਪੂਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਆਗੂਆਂ ਕਿਹਾ ਕਿ ਜੇਕਰ ਕਣਕ ਦੀ ਖ੍ਰੀਦ ਹੋਰ ਸੁਸਤੀ ਫੜਦੀ ਹੈ ਤਾਂ ਰੋਸ-ਮੁਜ਼ਾਹਰੇ ਕੀਤੇ ਜਾਣਗੇ।