ਚੰਡੀਗੜ੍ਹ 6 ਫਰਵਰੀ (ਵਿਸ਼ਵ ਵਾਰਤਾ)-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਆਪਣੇ ਕਿਸਾਨ ਸਾਥੀਆਂ ਨਾਲ ਮੋਹਾਲੀ ਦੇ ਸੈਕਟਰ 82 ਦੇ ਸਾਹਮਣੇ ਹਵਾਈ ਅੱਡੇ ਨੂੰ ਜਾਂਦੀ ਸੜਕ ਉੱਤੇ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕੀਤਾ।
ਇਹ ਚੱਕਾ–ਜਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਕਿਸੇ ਐਂਬੂਲੈਂਸ ਨੂੰ ਨਹੀਂ ਰੋਕਿਆ ਗਿਆ ਪਰ ਉਂਝ ਸੜਕ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਖੇਤੀ ਨਾਲ ਸਬੰਧਤ ਆਪਣੇ ਨਵੇਂ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਤਦ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।
ਇਸ ਮੌਕੇ ‘ਕਿਸਾਨ–ਮਜ਼ਦੂਰ ਏਕਤਾ’ ਦੇ ਅਤੇ ਕੇਂਦਰ ਸਰਕਾਰ ਵਿਰੋਧੀ ਨਾਅਰੇ ਵੀ ਲਾਏ ਗਏ। ਚੱਕਾ–ਜਾਮ ਲਈ ਲਾਏ ਗਏ ਧਰਨੇ ’ਚ ਸ. ਰਾਜਿੰਦਰ ਸਿੰਘ ਬਡਹੇੜੀ ਦੇ ਨਾਲ ਗੁਰਦੀਪ ਸਿੰਘ ਚਿੱਲਾ, ਬਚਨ ਸਿੰਘ ਪਾਪੜੀ, ਗੁਰਮੀਤ ਸਿੰਘ ਬਾਕਰਪੁਰ ਤੇ ਹੋਰ ਕਿਸਾਨ ਵੀਰ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੇ ਮੈਂਬਰ ਵੀ ਮੌਜੂਦ ਸਨ।