ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਚੰਡੀਗੜ੍ਹ ਵਿੱਚ ਪ੍ਰੈਸਕਾਨਫਰੰਸ
ਦੁਨੀਆਂ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿਸਾਨ ਅੰਦੋਲਨ
ਕਿਸਾਨ ਅੰਦੋਲਨ ਸ਼ਾਂਤਮਈ ਹੈ ਸ਼ਾਂਤਮਈ ਹੀ ਰਹੇਗਾ – ਸ਼ਾਂਤਮਈ ਰਹਿ ਕੇ ਹੀ ਜਿੱਤਿਆ ਜਾਵੇਗਾ ਅੰਦੋਲਨ
ਹਿੰਸਾ ਨਾਲ ਤਾਂ ਹੋਵੇਗੀ ਹਾਰ
ਦੇਸ਼ ਦੇ 713 ਜ਼ਿਲ੍ਹਿਆਂ ਵਿੱਚੋਂ 700 ਵਿੱਚ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ ਅੰਦੋਲਨ
ਜਾਤ-ਪਾਤ ਤੋਂ ਉਪਰ ਉੱਠ ਕੇ ਹਿੱਸਾ ਲੈ ਰਹੇ ਹਨ ਭਾਰਤਵਾਸੀ
ਨੈਟ ਸਰਵਿਸ ਬੰਦ ਕਰਕੇ ਦੇਸ਼ ਨਾਲੋਂ ਤੋੜਨਾ ਚਾਹੁੰਦੀ ਅੰਦੋਲਨ ਨੂੰ
26 ਜਨਵਰੀ ਦੀਆਂ ਘਟਨਾਵਾਂ ਨੂੰ ਦੱਸਿਆ ਗਲਤ
ਅੱਗੇ ਨਾਲੋਂ ਵੀ ਤੇਜ਼ ਹੋਇਆ ਅੰਦੋਲਨ
ਹਰਿਆਣੇ ਦੀਆਂ ਖਾਪ ਪੰਚਾਇਤਾਂ ਪੱਛਮੀ ਤੇ ਪੂਰਬੀ ਯੂ.ਪੀ ਦੇ ਕਿਸਾਨਾਂ ਨੇ ਅੰਦੋਲਨ ਨੂੰ ਕੀਤਾ ਹੋਰ ਤੇਜ਼
ਕੇਂਦਰ ਨੂੰ ਰਾਜ ਹੱਠ ਛੱਡ ਕੇ ਕਿਸਾਨ ਮੰਗਾਂ ਮੰਨਣ ਦੀ ਕੀਤੀ ਅਪੀਲ
ਚੰਡੀਗੜ੍ਹ, 30 ਜਨਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਨਵੇਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਚਲਾਇਆ ਜਾ ਰਿਹਾ ਕਿਸਾਨ ਅੰਦੋਲਨ ਦੁਨੀਆਂ ਦੇ ਇਤਿਹਾਸ ਵਿਚ ਲਿਖਿਆ ਜਾਵੇਗਾ। ਉਹਨਾਂ ਦਾਅਵਾ ਕੀਤਾ ਕਿ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਚਲਾਇਆ ਜਾ ਰਿਹਾ ਕਿਸਾਨ ਅੰਦੋਲਨ ਸਾਂਝੀ ਵਾਲਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਅੱਜ ਇਥੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਚੱਲ ਰਹੇ ਅੰਦੋਲਨ ਨੂੰ ਦਿਨੋਂ ਦਿਨ ਦੇਸ਼ ਭਰ ਦੇ ਸਾਰੇ ਹਿੱਸਿਆਂ ਵਿੱਚੋਂ ਪੂਰਨ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ 713 ਜ਼ਿਲ੍ਹਿਆਂ ਵਿੱਚੋਂ 700 ਜ਼ਿਲ੍ਹਿਆਂ ਵਿੱਚ ਅੰਦੋਲਨ ਨੂੰ ਪੂਰੀ ਸਰਗਰਮੀ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਚੰਡੀਗੜ੍ਹ ਵਿੱਚ ਆ ਕੇ ਇਸ ਲਈ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਅੰਦੋਲਨ ਵਾਲੇ ਸਥਾਨਾਂ ਉਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ। ਅੰਦੋਲਨਕਾਰੀਆਂ ਨੂੰ ਦੇਸ਼ ਵਾਸੀਆਂ ਨਾਲੋਂ ਤੋੜਨ ਦੀ ਸਰਕਾਰ ਵੱਲੋਂ ਕੋਝੀ ਚਾਲ ਚੱਲੀ ਜਾ ਰਹੀ ਹੈ। ਰਾਜੇਵਾਲ ਨੇ ਅੰਦੋਲਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਆਪਣਾ ਹੋਸ਼ ਤੇ ਜੋਸ਼ ਪਹਿਲਾਂ ਵਾਂਗ ਹੀ ਕਾਇਮ ਰੱਖਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਹਰ ਸਮੇਂ ਸਰਕਾਰ ਵੱਲੋਂ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਨੂੰ ਗਲਤ ਕਹਿੰਦਿਆਂ ਉਹਨਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਚਲਾਉਣ ਉਤੇ ਪਹਿਰਾ ਦਿੰਦੇ ਆ ਰਹੇ ਹਾਂ, ਕਿਉਂਕਿ ਮੇਰਾ ਯਕੀਨ ਹੈ ਕਿ ਅੰਦੋਲਨ ਸ਼ਾਂਤਮਈ ਰਹਿ ਕੇ ਹੀ ਜਿੱਤਿਆ ਜਾ ਸਕਦਾ ਹੈ, ਜਦ ਕਿ ਹਿੰਸਾ ਨਾਲ ਤਾਂ ਹਾਰ ਹੀ ਮਿਲੇਗੀ ਕਿਉਂਕਿ ਹਿੰਸਾ ਨਾਲ ਤਾਂ ਕੇਂਦਰ ਸਰਕਾਰ ਦੀ ਹੀ ਜਿੱਤ ਹੋਵੇਗੀ।























