ਕਿਸਾਨ ਆਗੂਆਂ ਨਾਲ ਕੇਂਦਰ ਦੀ ਹੋ ਰਹੀ ਮੀਟਿੰਗ ਵਿੱਚ ਕੀ ਨਿਕਲੇਗਾ ਕੋਈ ਹੱਲ ਅੱਜ ?
ਸਭ ਦੀਆਂ ਨਜ਼ਰਾਂ ਅੱਜ ਵਾਲੀ ਮੀਟਿੰਗ ਤੇ
ਇਤਿਹਾਸਕ ਕਿਸਾਨ ਅੰਦੋਲਨ 40ਵੇਂ ਦਿਨ ਵਿੱਚ ਦਾਖਲ
ਹੱਡ ਚੀਰਵੀਂ ਠੰਢ ਦੇ ਬਾਵਜੂਦ ਅੰਦੋਲਨ ਕਾਰੀਆਂ ਵਿੱਚ ਭਾਰੀ ਉਤਸ਼ਾਹ
ਕਿਸਾਨ ਅੰਦੋਲਨ ਤੇ ਕੇਂਦਰ ਸਰਕਾਰ ਨਾਲ 7ਵੇਂ ਗੇੜ ਦੀ ਮੀਟਿੰਗ ਅੱਜ
ਕਿਸਾਨ ਆਗੂਆਂ ਮੀਟਿੰਗ ਕਰਨ ਲਈ ਬੱਸਾਂ ਵਿੱਚ ਸਵਾਰ ਹੋ ਕੇ ਵਿਗਿਆਨ ਭਵਨ ਲਈ ਪਾਏ ਚਾਲੇ
‘ਉਮੀਦ ਬੱਸਾਂ’ ਵਿੱਚ ਬੈਠੇ ਕਿਸਾਨ ਆਗੂ ਰਹਿੰਦੀਆਂ ਦੋਨੋਂ ਮੰਗਾਂ ਵੀ ਮਨਾਉਣ ਲਈ ਆਸਵੰਦ
ਸਿੰਘੂ ਬਾਰਡਰ,4ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਅੱਜ 40ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕੜਾਕੇ ਦੀ ਠੰਢ ਤੇ ਬਾਰਿਸ਼ ਪੈਣ ਦੇ ਬਾਵਜੂਦ ਕਿਸਾਨਾਂ ਦੇ ਉਤਸ਼ਾਹ ਵਿੱਚ ਦਿਨੋਂ-ਦਿਨ ਬਾਰੀ ਵਾਧਾ ਹੀ ਵੇਖਿਆ ਜਾ ਰਿਹਾ ਹੈ।ਅੱਜ ਕਿਸਾਨ ਅੰਦੋਲਨ ਲਈ ਬੜਾ ਹੀ ਅਹਿਮ ਦਿਨ ਹੈ,ਜਦੋਂ ਕਿ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ 7ਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ। ਕਿਸਾਨਾਂ ਵੱਲੋਂ ਰੱਖੀਆਂ ਗਈਆਂ ਚਾਰ ਮੁੱਖ ਮੰਗਾਂ ਵਿੱਚੋਂ ਦੋ ਤਾਂ 6ਵੇਂ ਗੇੜ ਦੀ ਹੋਈ ਮੀਟਿੰਗ ਵਿੱਚ ਸਿਧਾਂਤਕ ਤੌਰ ਤੇ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਸਨ, ਜਦੋ ਕਿ ਦੋ ਰਹਿੰਦੀਆਂ ਮੰਗਾਂ ਜਿਸ ਵਿੱਚ ਨਵੇਂ ਬਣੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾਂ ਅਤੇ ਐਮਐਸਪੀ ਦੀ ਗਾਰੰਟੀ ਵਾਲੇ ਕਾਨੂੰਨ ਬਣਾਉਣਾ ਸ਼ਾਮਲ ਹੈ, ਬਾਰੇ ਅੱਜ ਗੱਲਬਾਤ ਹੋਵੇਗੀ। ਇਸ ਗੱਲਬਾਤ ਲਈ ਕਿਸਾਨ ਆਗੂ ‘ਉਮੀਦ ਬੱਸਾਂ’ ਵਿੱਚ ਬੈਠ ਕੇ ਦੁਪਹਿਰ 2ਵਜੇ ਹੋਣ ਵਾਲੀ ਮੀਟਿੰਗ ਲਈ ਵਿਗਿਆਨ ਭਵਨ ਨੂੰ ਰਵਾਨਾ ਹੋ ਗਏ ਹਨ। ਕਿਸਾਨ ਆਗੂਆਂ ਨੂੰ ਆਸ ਹੈ ਕਿ ਕਿਸਾਨ ਅੰਦੋਲਨ ਜੋ ਕਿ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ, ਅੱਗੇ ਝੁਕਦਿਆਂ ਸਰਕਾਰ ਅੱਜ ਉਹਨਾਂ ਦੀ ਮੰਗਾਂ ਮੰਨਣ ਦਾ ਐਲਾਨ ਕਰ ਦੇਵੇਗੀ।