ਕਿਸਾਨ ਅੰਦੋਲਨ : ਸੰਘਰਸ਼ ਦਾ 78ਵਾਂ ਦਿਨ , ਔਰਤਾਂ ਦੀ ਭਰਵੀਂ ਸ਼ਮੂਲੀਅਤ
ਕਿਸਾਨ ਮਜ਼ਦੂਰ ਸਬੰਧਤ ਮੰਗ ਲਈ ਚਲਦੇ ਭਾਰਤ ਪੱਧਰੀ ਸੰਘਰਸ਼ ਅੱਜ 78ਵੇਂ ਦਿਨ ਪੂਰੇ ਕਰ ਚੁੱਕਾ ਹੈ ਅਤੇ ਜਿਥੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਪੰਜਾਬ ਸਮੇਤ ਦੇਸ਼ ਭਰ ਤੋ ਲੋਕ ਆ ਰਹੇ ਹਨ ਓਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੀ ਵੱਡੀ ਗਿਣਤੀ ਨੂੰ ਬੱਸ ਕਾਫਲੇ ਦੇ ਰੂਪ ਵਿੱਚ ਅੰਮ੍ਰਿਤਸਰ ਦੇ ਬਿਆਸ ਪੁਲ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਵੱਲੋਂ ਸ਼ੰਭੂ ਬਾਰਡਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਮਾਤਾਵਾਂ ਬੀਬੀਆਂ ਵੱਲੋਂ ਮੋਰਚੇ ਦੀ ਅਗਵਾਹੀ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਮੋਰਚਾ ਹੋਰ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ। ਓਹਨਾ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਪਿੰਡ ਪੱਧਰ ਤੇ ਲਾਮਬੰਦ ਕਰਕੇ ਅੰਦੋਲਨ ਵਿਚ ਜੀਅ ਤੋੜ ਮਿਹਨਤ ਕਰਕੇ ਅੰਦੋਲਨ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਓਹਨਾ ਕਿਹਾ ਕਿ ਬੇਸ਼ੱਕ ਅੱਜ ਚੋਣ ਜਾਬਤਾ ਚਲ ਰਿਹਾ ਹੈ ਪਰ ਇਹ ਅੰਦੋਲਨ ਆਉਣ ਵਾਲੀ ਸਰਕਾਰ ਦੇ ਤਾਕਤ ਵਿਚ ਆਉਣ ਤੋਂ ਪਹਿਲਾਂ ਹੀ ਵੱਡਾ ਸਵਾਲ ਬਣ ਕੇ ਖੜਾ ਹੋਵੇਗਾ ਅਤੇ ਜਦੋਂ ਤੱਕ ਐਮ ਐਸ ਪੀ ਤੇ ਖਰਦੀ ਦਾ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ, ਕਿਸਾਨ ਮਜਦੂਰ ਦੀ ਕੁੱਲ ਕਰਜ਼ਾ ਮੁਕਤੀ ਨਹੀਂ ਹੁੰਦੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ ਸਕੀਮ ਲਾਗੂ ਨਹੀਂ ਹੁੰਦੀ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ 700 ਰੁਪਏ ਦਿਹਾੜੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਕਿਸਾਨ ਮਜਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਰੱਖੇ ਗਏ 10 ਸੂਤਰੀ ਮੰਗ ਪੱਤਰ ਦੀਆਂ ਸਾਰੀਆਂ ਮੰਗਾਂ ਦੇ ਠੋਸ ਹੱਲ ਨਹੀਂ ਕੀਤੇ ਜਾਂਦੇ ਓਨੀ ਦੇਰ ਸੰਘਰਸ਼ ਜਾਰੀ ਰਹੇਗਾ।