ਕਿਸਾਨ ਅੰਦੋਲਨ – ਵੱਡੀ ਖ਼ਬਰ
ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਕਿਸਾਨ ਨੇ ਖਾਧਾ ਜ਼ਹਿਰ
ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਪੀ.ਜੀ.ਆਈ ਰੋਹਤਕ ਵਿੱਚ
ਇਲਾਜ਼ ਜਾਰੀ

ਸਿੰਘੂ ਬਾਰਡਰ ,21 ਦਸੰਬਰ(ਵਿਸ਼ਵ ਵਾਰਤਾ)- ਕਾਲੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਇਤਿਹਾਸਕ ਕਿਸਾਨ ਅੰਦੋਲਨ 26 ਦਿਨ ਵਿੱਚ ਦਾਖਲ ਹੋ ਗਿਆ ਹੈ। ਜਿਥੇ ਅੱਜ ਕਿਸਾਨਾਂ ਵੱਲੋਂ ਲੜੀਵਾਰ ਭੁੱਖ-ਹੜਤਾਲ ਕਰ ਦਿੱਤੀ ਗਈ ਹੈ, ਉਥੇ ਅੱਜ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੇ ਤਰਨਤਾਰਨ ਦੇ 65 ਸਾਲਾ ਨਿਰੰਜਨ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਗੰਭੀਰ ਹਾਲਤ ਵਿੱਚ ਰੋਹਤਕ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸ ਦਾ ਇਲਾਜ਼ ਜਾਰੀ ਹੈ।
ਯਾਦ ਰਹੇ ਕੁਝ ਦਿਨ ਪਹਿਲਾਂ ਸਿੰਘੂ ਬਾਰਡਰ ਤੇ ਹੀ ਕਰਨਾਲ ਦੇ ਬਾਬਾ ਰਾਮ ਸਿੰਘ ਸੰਘੀੜਾ ਵਾਲਿਆਂ ਨੇ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਜਦ ਕਿ ਇਸ ਅੰਦੋਲਨ ਦੌਰਾਨ 20 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨ ਅੰਦੋਲਨ ਜੋ ਕਿ ਹੁਣ ‘ਜਨ-ਅੰਦੋਲਨ’ ਬਣ ਚੁੱਕਾ ਹੈ ਬਾਰੇ ਕੇਂਦਰ ਸਰਕਾਰ ਹਾਲੇ ਤੱਕ ਵੀ ਇਸ ਮਸਲੇ ਨੂੰ ਸੁਲਝਾਉਣ ਲਈ ਗੰਭੀਰ ਨਹੀਂ ਲੱਗ ਰਹੀ। ਕਿਸਾਨ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਅੜੇ ਹੋਏ ਹਨ ਜਦੋਂ ਕਿ ਸਰਕਾਰ ਕਾਨੂੰਨਾਂ ਨੂੰ ਵਾਪਸ ਲੈਣ ਦੀ ਥਾਂ ਇਹਨਾਂ ਵਿੱਚ ਕੁਝ ਸੋਧਾਂ ਕਰਨ ਦੀ ਗੱਲ ਕਰ ਰਹੀ ਹੈ।






















