ਮਾਨਸਾ ਖੁਰਦ ਵਿਖੇ ਨੌਜਵਾਨਾਂ ਨਾਲ ਵਿਚਾਰ-ਚਰਚਾ ਦੌਰਾਨ 20 ਮੈਂਬਰ ਜ਼ਿਲ੍ਹਾ ਕਮੇਟੀ ਕਾਇਮ
ਮਾਨਸਾ, 18 ਅਕਤੂਬਰ( ਵਿਸ਼ਵ ਵਾਰਤਾ)-ਮਾਨਸਾ ਖੁਰਦ ਵਿਖੇ ‘ਕਿਸਾਨ ਅੰਦੋਲਨ ‘ਚ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ‘ਤੇ ਨੌਜਵਾਨਾਂ ਨਾਲ ਵਿਚਾਰ ਚਰਚਾ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਡਾ.ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਨੌਜਵਾਨਾਂ ਵੱਲੋਂ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਤੋਂ ਬੁਹਤ ਸਾਰੀਆਂ ਆਸਾਂ ਖੜ੍ਹੀਆਂ ਹੋ ਗਈਆਂ ਹਨ, ਜਿਸ ਨਾਲ ਨੌਜਵਾਨਾਂ ਦੇ ਸਹੀ ਦਿਸ਼ਾ ਵਿੱਚ ਜਾਣ ਦੀ ਵੱਡੀ ਉਮੀਦ ਬੱਝ ਗਈ ਹੈ।
ਨੌਜਵਾਨਾਂ ਦੀ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ.ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਕਿਸਾਨੀ ਮਾਰੂ ਇਹਨਾਂ ਖੇਤੀ ਕਾਨੂੰਨਾਂ ਦੀ ਬੁਨਿਆਦ ਕਾਫ਼ੀ ਪਿੱਛੇ ਚਲੀ ਜਾਂਦੀ ਹੈ,ਜਦੋਂ ਕਿ ਉਹ ਸਰਕਾਰਾਂ ਦੀਆਂ ਵਧੀਕੀਆਂ ਨੂੰ ਬੜੇ ਖਾਮੋਸ਼ ਰੂਪ ਦੇ ਵਿਚ ਜਰਦੇ ਰਹੇ ਹਾਂ।ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦੌਰ ਵਿਚ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਬਦਤਰ ਹਾਲਾਤ ਦੇ ਵਿਚ ਧੱਕ ਦਿੱਤਾ,ਪਰ ਉਹ ਖਾਮੋਸ਼ ਰਹੇ ਅਤੇ ਹੁਣ ਪੰਜਾਬ ਦੇ ਰਾਜਨੀਤਕ ਤੇ ਸਮਾਜਿਕ ਮੁੱਦਿਆਂ ਪ੍ਰਤੀ ਸਰਗਰਮ ਹੋਏ ਬਿਨਾਂ ਨੌਜਵਾਨ ਪੀੜ੍ਹੀ ਦਾ ਗੁਜਾਰਾ ਹੀ ਅਸੰਭਵ ਹੈ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੀ ਲਹਿਰ,ਨਕਸਲਵਾੜੀ ਲਹਿਰ ਨੇ ਪੂਰੇ ਭਾਰਤ ਦੇਸ਼ ਦੀ ਸਿਆਸਤ ਸਮੇਤ ਸਾਹਿਤ ਅਤੇ ਸਮਾਜ ਨੂੰ ਪ੍ਰਭਾਵਤ ਕੀਤਾ ਸੀ, ਉਸੇ ਤਰ੍ਹਾਂ ਕਿਸਾਨੀ ਦਾ ਇਹ ਅੰਦੋਲਨ ਵੀ ਸ਼ਾਂਤਮਈ ਤੇ ਸਭਿਅਕ ਰੂਪ ਦੇ ਵਿਚ ਪੂਰੇ ਦੇਸ਼ ਦੀ ਰਾਜਨੀਤੀ ਤੇ ਸਾਹਿਤ ਵਰਗੇ ਵਰਤਾਰਿਆ ਨੂੰ ਪ੍ਰਭਾਵਤ ਕਰਨ ਦੀ ਵੱਡੀ ਸਮਰੱਥਾ ਨਾਲ ਲਬਰੇਜ਼ ਹੋਵੇਗਾ,ਜਿਸ ਵਿਚ ਨੌਜਵਾਨ ਪੀੜੀ ਦੀ ਇਕ ਆਪਣੀ ਪ੍ਰਕਾਰ ਦੀ ਯਕੀਨਣ ਰੂਪ ਵਿਚ ਮਿਸਾਲੀ ਭੂਮਿਕਾ ਹੋਵੇਗਾ।
ਇਸ ਮੌਕੇ ਹਰਿੰਦਰ ਸਿੰਘ ਮਾਨਸ਼ਾਹੀਆ,ਡਾ.ਬਿੱਕਰਜੀਤ ਸਿੰਘ ਸਾਧੂਵਾਲਾ,ਕਿਰਨਜੀਤ ਕੌਰ ਝੁਨੀਰ,ਗਗਨਦੀਪ ਰਾਏਪੁਰ,ਜਸਵਿੰਦਰ ਸਿੰਘ ਅਹਿਮਦਪੁਰ,ਸੋਨੀ ਸਿੰਘ ਘੁੰਮਣ,ਦਿਲਜੋਤ ਕੌਰ ਰੱਲਾ, ਜਸਪ੍ਰੀਤ ਸਿੰਘ ਕੋਟੜਾ,ਮਲਕੀਤ ਸਿੰਘ ਦਾਨੇਵਾਲਾ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਦੌਰਾਨ ਨੌਜਵਾਨਾਂ ਦੀ ਇਕ 20 ਮੈਂਬਰੀ ਕਮੇਟੀ ਬਣਾਈ,ਜਿਸ ਦੇ ਜ਼ਰੀਏ ਉਨ੍ਹਾਂ ਨੇ ਚੱਲਦੇ ਕਿਸਾਨੀ ਅੰਦੋਲਨ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਅਹਿਦ ਲਿਆ।