ਕਿਸਾਨ ਅੰਦੋਲਨ ਦੇ ਚੱਲਦੇ ਨਵੇਂ ਖੇਤੀ ਕਾਨੂੰਨ ਤੇ ਹਰਿਆਣਾ ਦੇ ਸੀ.ਐਮ ਵੱਲੋਂ ਕੀਤੇ ਟਵੀਟ ਨੇ ਮਚਾਇਆ ਬਵਾਲ਼
ਖੇਤੀ ਕਾਨੂੰਨਾਂ ਦੇ ਝੂਠ ਦਾ ਪਰਦਾਫਾਸ਼ ਖੁਦ ਬੀਜੇਪੀ ਦੇ ਮੁਖ ਮੰਤਰੀ ਕਰ ਰਹੇ ਹਨ- ਗੋਵਿੰਦ ਸਿੰਘ ਡੋਟਾਸਰਾ

ਦਿੱਲੀ,30 ਨਵੰਬਰ (ਵਿਸ਼ਵ ਵਾਰਤਾ)-ਜਿਥੇ ਪੂਰੇ ਦੇਸ਼ ਵਿੱਚ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਉਥੇ ਹੀ ਕੇਂਦਰ ਸਰਕਾਰ ਇਸਨੂੰ ਸਹੀ ਦੱਸ ਰਹੀ ਹੈ। ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟਰ ਦੁਆਰਾ ਕੀਤੇ ਗਏ ਟਵੀਟ ਨੇ ਪੂਰੀ ਰਾਜਨੀਤੀ ਵਿੱਚ ਗਰਮੀ ਲਿਆ ਦਿੱਤੀ ਹੈ। ਖੱਟਰ ਦੇ ਟਵੀਟ ਤੇ ਰਾਜਸਥਾਨ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਉਲਟ ਵਾਰ ਕੀਤਾ ਹੈ। ਉਹਨਾਂ ਨੇ ਇਸ ਟਵੀਟ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬੀਜੇਪੀ ਉਤੇ ਨਿਸ਼ਾਨਾ ਬਿਨ੍ਹ ਲਿਆ ਹੈ।

ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਹਰਿਆਣਾ ਵਿੱਚ ਰਾਜਸਥਾਨ ਦਾ ਬਾਜਰਾ ਨਹੀਂ ਵਿਕਣ ਦਿੱਤਾ ਜਾਵੇਗਾ। ਖੱਟਰ ਦਾ ਕਹਿਣਾ ਹੈ ਕਿ ਰਾਜਸਥਾਨ ਦਾ ਬਾਜਰਾ ਹਰਿਆਣੇ ਵਿੱਚ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਹਰਿਆਣਾ ਦੀਆਂ ਮੰਡੀਆਂ ਵਿੱਚ 2150 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਬਾਜਰਾ ਖਰੀਦਿਆ ਜਾ ਰਿਹਾ ਹੈ, ਜਦੋਂ ਕਿ ਰਾਜਸਥਾਨ ਵਿੱਚ ਬਾਜਰਾ 1300 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਹਰਿਆਣਾ ਦੇ ਮੁਖ ਮੰਤਰੀ ਨੇ ਖੁਦ ਟਵੀਟ ਕਰਕੇ ਇਹ ਖਰੀਦਣ-ਵੇਚਣ ਦੇ ਮਾਮਲੇ ਨੂੰ ਰੋਕਣ ਦੀ ਗੱਲ਼ ਕਹੀ ਹੈ ਅਤੇ ਦੂਜੇ ਪਾਸੇ ਨਵੇਂ ਖੇਤੀ ਕਾਨੂੰਨ ਵਿੱਚ ਕਿਸਾਨਾਂ ਨੂੰ ਪੂਰੇ ਦੇਸ਼ ਵਿੱਚ ਮਾਲ ਵੇਚਣ ਦੀ ਛੂਟ ਦਿੰਦੇ ਹਨ।
ਸੀ.ਐਮ ਖੱਟਰ ਦੇ ਇਸ ਟਵੀਟ ਤੋਂ ਬਾਅਦ ਰਾਜਸਥਾਨ ਵਿੱਚ ਸਿਆਸਤ ਦਾ ਪਾਰਾ ਗਰਮਾ ਗਿਆ ਹੈ ਅਤੇ ਪੀਸੀਸੀ ਚੀਫ ਗੋਵਿੰਦ ਸਿੰਘ ਡੋਟਾਸਰਾ ਨੇ ਇਸ ਉਤੇ ਮੁੜ ਵਾਰ ਕੀਤਾ। ਡੋਟਾਸਰਾ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਇਕ ਦੇਸ਼ ਇਕ ਬਜ਼ਾਰ ਦੇ ਝੂਠ ਦਾ ਪਰਦਾਫਾਸ਼ ਖੁਦ ਬੀਜੇਪੀ ਦੇ ਮੁਖ ਮੰਤਰੀ ਕਰ ਰਹੇ ਹਨ। ਡੋਟਾਸਰਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਇਹ ਕੇਂਦਰ ਦੀ ਬੀ.ਜੇ.ਪੀ ਸਰਕਾਰ, ਇਹ ਕਾਲਾ ਕਾਨੂੰਨ ਆਪਣੇ ਕਾਰੋਬਾਰੀ ਮਿਤਰਾਂ ਨੂੰ ਫਾਇਦਾ ਦੇਣ ਲਈ ਲੈ ਕੇ ਆਈ ਹੈ। ਇਸ ਲਈ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉਤੇ ਹੈ ਅਤੇ ਜੋ ਅੰਦੋਲਨ ਕਰਨ ਲਈ ਮਜ਼ਬੂਰ ਹੈ।






















