ਕਿਸਾਨ ਅੰਦੋਲਨ ਦੀ ਸੁਪਰੀਮ ਕੋਰਟ ਵਿੱਚ ਵੀ ਗੂੰਜ
ਸੁਪਰੀਮ ਕੋਰਟ ਵੀ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਤੋਂ ਨਿਰਾਸ਼
ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਹੋਲਡ ਕਰਨ ਦੇ ਦਿੱਤੇ ਸੰਕੇਤ
ਹਾਲਾਤ ਨੂੰ ਸੰਭਾਲਣ ਲਈ ਨਾਕਾਮ ਰਹਿਣ ਤੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ
26 ਜਨਵਰੀ ਦੇ ਟ੍ਰੈਕਟਰ ਮਾਰਚ ਤੇ ਰੋਕ ਲਗਾਉਣ ਤੇ ਕੀਤਾ ਇੰਨਕਾਰ, ਕਿਹਾ ਇਹ ਪੁਲਿਸ ਦਾ ਕੰਮ
ਕੇਂਦਰ ਸਰਕਾਰ ਨੇ ਵੀ ਦਿੱਤਾ ਆਪਣਾ ਜਵਾਬ ਕਿਹਾ-ਸਿਰਫ 2-3 ਸੂਬਿਆਂ ਦੇ ਲੋਕ ਹੀ ਕਰ ਰਹੇ ਹਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ
ਖੇਤੀ ਕਾਨੂੰਨਾਂ ਬਾਰੇ ਅੱਜ ਦੀ ਸੁਣਵਾਈ ਹੋਈ ਪੂਰੀ

ਨਵੀਂ ਦਿੱਲੀ, 11ਜਨਵਰੀ(ਵਿਸ਼ਵ ਵਾਰਤਾ)- ਤਿੰਨ ਬਣੇ ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਸੁਪਰੀਮ ਕੋਰਟ ਨੇ ਵੀ ਅੱਜ ਸਰਕਾਰ ਨੂੰ ਕਾਫੀ ਝਾੜ ਪਾਈ ਹੈ। ਸੁਪਰੀਮ ਕੋਰਟ ਵਿੱਚ ਖੇਤੀ ਕਾਨੂੰਨਾਂ ਬਾਰੇ ਅੱਜ ਹੋਈ ਸੁਣਵਾਈ ਦੌਰਾਨ, ਕੇਂਦਰ ਸਰਕਾਰ ਨੂੰ ਸਿੱਧੇ ਤੌਰ ਤੇ ਨਵੇਂ ਬਣੇ ਕਾਨੂੰਨਾਂ ਨੂੰ ਹੋਲਡ ਕਰਨ ਬਾਰੇ ਕਹਿੰਦਿਆਂ ਕਿਹਾ ਕਿ ਤੁਸੀਂ ਕਾਨੂੰਨਾਂ ਨੂੰ ਹੋਲਡ ਕਰ ਰਹੇ ਹੋ ਜਾਂ ਨਹੀਂ, ਜਾਂ ਫਿਰ ਅਸੀਂ ਕਰਿਏ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਹੋਈ ਗੱਲਬਾਤ ਦੀ ਵੀ ਵੇਰਵਾ ਮੰਗਿਆ। ਅਦਾਲਤ ਨੇ ਕਿਸਾਨ ਅੰਦੋਲਨ ਨੂੰ ਨਜਿੱਠਣ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਦੀ ਵੀ ਅਲੋਚਨਾ ਕੀਤੀ ਤੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਹੋਲਡ ਕਰਨ ਦੇ ਸੰਕੇਤ ਦਿੱਤੇ। ਕੇਂਦਰ ਸਰਕਾਰ ਦੇ ਵਕੀਲ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਕਾਨੂੰਨਾਂ ਨੂੰ ਹੋਲਡ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਰੇ ਦੇਸ਼ ਦੇ ਹਿੱਤ ਵਿੱਚ ਹਨ, ਵਿਰੋਧ ਤਾਂ ਸਿਰਫ ਦੋ-ਤਿੰਨ ਸੂਬਿਆਂ ਦੇ ਕਿਸਾਨ ਹੀ ਕਰ ਰਹੇ ਹਨ। ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵਿੱਚ ਅੱਜ ਦੀ ਸੁਣਵਾਈ ਹੋਈ ਪੂਰੀ।






















