ਕਿਸਾਨੀ ਸੰਘਰਸ਼ ਦੀ ਆੜ ਵਿੱਚ ਚੰਦ ਗਾਇਕ ਵਿਧਾਇਕ ਤੇ ਲੋਕ ਸਭਾ ਮੈਂਬਰ ਬਣਨ ਦੇ ਖ਼ਵਾਬ ਵੇਖ ਰਹੇ ਹਨ – ਫੈਡਰੇਸ਼ਨ
ਚੰਡੀਗੜ੍ਹ 18 ਅਕਤੂਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਸ਼ਰਨ ਸਿੰਘ ਭਾਤਪੁਹ ਜੱਟਾਂ,ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ,ਬੀਬੀ ਕਮਲਜੀਤ ਕੌਰ ਕੁਕੜਾਂ ਅਤੇ ਡਾ ਹਰਭਜਨ ਸਿੰਘ ਜਲੌ ਮਾਜਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਪੰਜਾਬ ਦੇ ਰਾਜ ਗਾਇਕ ਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਸ੍ਰੀ ਹੰਸ ਰਾਜ ਹੰਸ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਬੀ ਜੀ ਪੀ ਦੇ ਪ੍ਰਧਾਨ ਜੇ ਪੀ ਨੱਢਾ ਨਾਲ ਸਿੱਧੀ ਨੇੜਤਾ ਨੂੰ ਕਿਸਾਨ ਸੰਘਰਸ਼ ਕਮੇਟੀ ਨੂੰ ਆਪਣੇ ਤੇ ਕਿਸਾਨਾਂ ਦੇ ਹੱਕ ਤੇ ਭਲੇ ਵਿੱਚ ਵਰਤਣਾ ਚਾਹੀਦਾ ਹੈ । ਉਹਨਾਂ ਕਿਹਾ ਕੋਈ ਵੀ ਸੰਘਰਸ਼ ਆਖ਼ਰ ਇੱਕ ਦਿਨ ਟੇਬਲ ਤੇ ਗੱਲ-ਬਾਤ ਕਰ ਕੇ ਹੀ ਨੇਪਰੇ ਚੜ੍ਹ ਕੇ ਹੱਲ ਹੁੰਦਾ ਹੈ । ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿੱਚ ਗੱਲਬਾਤ ਬੁਰੀ ਤਰ੍ਹਾਂ ਪਹਿਲੀ ਸਟੇਜ ਤੇ ਹੀ ਫ਼ੇਲ ਹੋ ਜਾਣੀ ਮੰਦ ਭਾਗੀ ਘਟਨਾ ਹੈ , ਇਹ ਪ੍ਰਧਾਨ ਮੰਤਰੀ ਤੇ ਕਿਸਾਨ ਸੰਘਰਸ਼ ਕਮੇਟੀ ਵਿੱਚ ਸਿੱਧੇ ਤਾਲਮੇਲ ਦੀ ਕਮੀ ਤੇ ਘਾਟ ਕਾਰਨ ਵਾਪਰਿਆ ਤੇ ਵਾਪਰ ਰਿਹਾ ਹੈ ਕਿਸੇ ਵੀ ਲੜਾਈ ਵਿੱਚ ਤਕੜਾ ਇਕੱਲਾ ਵਕੀਲ ਹੀ ਲੜਾਈ ਜਿੱਤ ਦੇਂਦਾ ਹੈ ਜਿਵੇਂ ਕਿ ਜੋਧਪੁਰ ਨਜ਼ਰਬੰਦਾਂ ਦੇ ਵਫ਼ਦ ਸ ਮਨਜੀਤ ਸਿੰਘ ਭੋਮਾ , ਸ ਸਰਬਜੀਤ ਸਿੰਘ ਜੰਮੂ ਤੇ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਦੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਹੋਣ ਵਾਲੀ ਸਿੱਧੀ ਮੁਲਾਕਾਤ ਨੂੰ ਕੇਂਦਰੀ ਖੁਫ਼ੀਆ ਏਜੰਸੀਆਂ ਆਈਂ ਬੀ ਤੇ ਰਾਅ ਵਲੋਂ ਰੱਦ ਕਰਵਾਉਣ ਲਈ ਪੂਰਾ ਟਿੱਲ ਲਾਉਣ ਦੇ ਬਾਵਜੂਦ ਗ੍ਰਹਿ ਮੰਤਰੀ ਦੇ ਕੋਲ ਬੈਠ ਕੇ ਹਿੱਕ ਤੇ ਹੱਥ ਮਾਰਕੇ ਇਹ ਕਹਿਣਾ ਕਿ ਇਹਨਾਂ ਗ਼ੈਰਤਮੰਦ ਸਿੱਖ ਨੋਜਵਾਨਾਂ ਦੀ ਸਾਰੀ ਜ਼ੁਮੇਵਾਰੀ ਮੈਂ ਆਪਣੇ ਸਿਰ ਲੈਂਦਾਂ ਹਾਂ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮੈਂ ਤੁਹਾਡੇ ਕੋਲ ਬੈਠਾ ਹਾਂ ਮੇਰਾ ਸਿਰ ਕਲਮ ਕਰ ਦਿਉ ਫਿਰ ਇਸ ਵਫ਼ਦ ਦੀ ਪੰਜ ਮਿੰਟ ਹੋਣ ਵਾਲੀ ਮੁਲਾਕਾਤ ਨੂੰ 45 ਮਿੰਟ ਸਿੱਧੀ ਗੱਲਬਾਤ ਕਰਵਾਕੇ ਹੰਸ ਰਾਜ ਹੰਸ ਨੇ ਜੋਧਪੁਰ ਨਜ਼ਰਬੰਦਾਂ ਦੇ ਮੁਆਵਜ਼ੇ ਵਾਲੇ ਮਸਲੇ ਨੂੰ ਮੌਕੇ ਤੇ ਹੱਲ ਕਰਵਾ ਕੇ ਕਰੋੜਾਂ ਰੁਪਏ ਜੋਧਪੁਰ ਨਜ਼ਰਬੰਦਾਂ ਨੂੰ ਦਿਵਾ ਕੇ ਜਿੱਤੀ ਸੀ । ਇਸ ਮੁਲਾਕਾਤ ਤੋਂ ਪ੍ਰਭਾਵਿਤ ਹੋ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਹ ਗੱਲ ਕਹਿਣੀ ਪਈ ਸੀ ਕਿ ਪਹਿਲੀ ਵਾਰ ਪੰਜਾਬ ਤੋਂ ਕੋਈ ਸੰਜੀਦਾ ਲੀਡਰਸ਼ਿਪ ਦਾ ਵਫ਼ਦ ਆਇਆ ਹੈ । ਬਾਦਲ ਸਾਹਿਬ ਤੋਂ ਫ਼ੋਟੋ ਖਿਚਵਾਨੇ ਤੇ ਨਿੱਜੀ ਕਾਮ ਕੇ ਲੀਏ ਹੀ ਆਤੇ ਹੈਂ ।
ਉਹਨਾਂ ਕਿਹਾ ਸੰਗੀਤ ਤੇ ਫ਼ਿਲਮੀ ਦੁਨੀਆਂ ਵਿੱਚ ਵਿਚਰ ਰਹੇ ਲੋਕ ਆਪਸੀ ਸ਼ਰੀਕੇ ਤੇ ਖਾਹ – ਮਖਾਹ ਦੀ ਈਰਖਾ ਕਾਰਨ ਕੁਝ ਚੰਦ ਲੋਕ ਸ੍ਰੀ ਹੰਸ ਰਾਜ ਹੰਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਉਹਨਾਂ ਨੂੰ ਕਿਸਾਨਾਂ ਦੇ ਸੰਘਰਸ਼ ਨਾਲ ਕੋਈ ਹਮਦਰਦੀ ਨਹੀਂ ਪਰ ਉਹ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਆਪਣੇ ਦੁਸ਼ਮਣ (ਹੰਸ ਰਾਜ ਹੰਸ)ਨੂੰ ਮਾਰਨਾਂ ਚਾਹੁੰਦੇ ਹਨ ਜਦੋਂ ਕਿ ਇਹ ਬਰਸਾਤੀ ਡੱਡੂ ਪਿਛਲੇ ਸਮੇਂ ਚੱਲੇ ਸਿੱਖ ਸੰਘਰਸ਼ , ਧਰਮ ਯੁੱਧ ਮੋਰਚੇ , ਬਰਗਾੜੀ ਮੋਰਚੇ ਤੇ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਸਮੇਂ ਜਦੋਂ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਸੀ ਉਦੋਂ ਅੱਜ ਦੇ ਕਾਗਜ਼ੀ ਸ਼ੇਰ ਚੂਹਿਆਂ ਵਾਂਗ ਖੁੰਡਿਆਂ ਵਿੱਚ ਵੜ੍ਹੇ ਰਹੇ ਇਹ ਲੋਕ ਕਿਸਾਨੀ ਸੰਘਰਸ਼ ਦੇ ਕੰਧਾੜੇ ਚੜ੍ਹ ਕੇ ਵਿਧਾਇਕ ਤੇ ਲੋਕ ਸਭਾ ਮੈਂਬਰ ਬਣਨ ਦੇ ਖ਼ਵਾਬ ਵੇਖ ਰਹੇ ਹਨ ।
ਜਦੋਂ ਕਿ ਅੱਜ ਦੇ ਕਿਸਾਨੀ ਸੰਘਰਸ਼ ਵਾਂਗ ਜਦੋਂ ਸਿੱਖ ਸੰਘਰਸ਼ ਜੋਬਨ ਤੇ ਸੀ ਤੇ ਪੁਲਿਸ ਤੇ ਸਰਕਾਰਾਂ ਦਾ ਜਬਰ ਜ਼ੁਲਮ ਸਿੱਖ ਨੋਜਵਾਨਾਂ ਤੇ ਕਹਿਰ ਢਾਹ ਰਿਹਾ ਸੀ ਤਾਂ ਉਸ ਸਮੇਂ ਇਕੱਲਾ ਪੰਜਾਬ ਦਾ ਅਣਖੀਲਾ ਗਾਇਕ ਸ੍ਰੀ ਹੰਸ ਰਾਜ ਹੰਸ ਹੀ ਸੀ ਜਿਸਨੇ ਸਿਰ ਤੇ ਕੱਫ਼ਨ ਬੰਨ੍ਹਕੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਗਾਂ ਕੇ ਸਮੇਂ ਦੀਆਂ ਸਰਕਾਰਾਂ ਤੇ ਜਾਬਰ ਪੁਲਿਸ ਅਫਸਰਾਂ ਨੂੰ ਵੰਗਾਰ ਕੇ ਪੰਜਾਬ ਤੇ ਸਿੱਖ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਕੇ ਪੰਜਾਬੀ ਮਾਂ ਦਾ ਅਣਖੀਲਾ ਪੁੱਤ ਤੇ ਲੋਕ ਗਾਇਕ ਹੋਣ ਦਾ ਸਬੂਤ ਦਿੱਤਾ ਸੀ ਜਿਸ ਦੀ ਬਾਅਦ ਵਿੱਚ ਸਜ਼ਾ ਵੀ ਪੁਲਿਸ ਦੇ ਇੰਟੈਰੋਗੇਸ਼ਨਾਂ ਸੈਂਟਰਾਂ ਵਿੱਚ ਪੁਠੇ ਲਟਕ ਕੇ , ਹੱਥਾਂ ਤੇ ਪੈਰਾਂ ਵਿੱਚ ਹੱਥਕੜੀਆਂ ਤੇ ਬੇੜੀਆਂ ਪਾ ਕੇ ਭੁਗਤਣੀ ਪਈ , ਜੇਕਰ ਬਲਵੰਤ ਸਿੰਘ ਰਾਮੂਵਾਲੀਆਂ ਸਮੇਂ ਸਿਰ ਇੰਟੈਰੋਗੇਸ਼ਨ ਸੈਂਟਰ ਪਹੁੰਚ ਕੇ ਪੁੱਠੇ ਲਟਕਾਏ ਪਏ ਹੰਸ ਰਾਜ ਹੰਸ ਨੂੰ ਥੱਲੇ ਨਾ ਲਾਹੁੰਦਾ ਤਾਂ ਉਸੇ ਰਾਤ ਹੰਸ ਰਾਜ ਹੰਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਕੇ ਸ਼ਹੀਦ ਕਰ ਦਿੱਤਾ ਜਾਣਾਂ ਸੀ । ਇਸ ਗੱਲ ਦਾ ਸ ਬਲਵੰਤ ਸਿੰਘ ਰਾਮੂਵਾਲੀਆਂ ਜਿਊਂਦਾ ਜਾਗਦਾ ਗਵਾਹ ਹੈ ।
ਫੈਡਰੇਸ਼ਨ ਨੇਤਾਵਾਂ ਕਿਸਾਨ ਨੇਤਾਵਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਵੇਂ ਅਸੀ ਪਿਛਲੇ ਸਿੱਖ ਸੰਘਰਸ਼ ਦੌਰਾਨ ਆਪਣੇ ਆਪ ਤੇ ਹੱਦੋ ਵੱਧ ਵਿਸ਼ਵਾਸ ਅਤੇ ਆਪਸੀ ਬੇਭਰੋਸਗੀ ਤੇ ਆਪ ਹੁੰਦਰਾਪਣ ਕਾਰਨ ਹਾਰ ਦਾ ਮੂੰਹ ਦੇਖਿਆ ਹੈ ਇਹ ਦੋਵੇਂ ਕਾਰਨ ਤੇ ਔਗੁਣ ਹੁਣ ਤੁਹਾਡੇ ਵਿਚ ਪੁੰਗਰ ਦੇ ਨਜ਼ਰ ਆ ਰਹੇ ਹਨ ਜਿਸ ਤੋਂ ਸੰਭਲ ਕੇ ਚਲਨ ਦੀ ਲੋੜ ਹੈ। ਬਰਗਾੜੀ ਮੋਰਚੇ ਵਾਂਗ ਅੱਜ ਪੂਰਾ ਪੰਜਾਬ ਤੁਹਾਡੇ ਨਾਲ ਹੈ ਪਰ ਜੇਕਰ ਤੁਸੀਂ ਵੀ ਬਰਗਾੜੀ ਮੋਰਚੇ ਦੀ ਲੀਡਰਸ਼ਿਪ ਵਾਂਗ ਸੰਘਰਸ਼ ਨੂੰ ਨੇਪਰੇ ਨਾ ਚਾੜ੍ਹ ਸਕੇ ਤਾਂ ਸਾਰਾ ਪੰਜਾਬ ਤੁਹਾਡੇ ਵਿਰੁੱਧ ਭੁਗਤੇਗਾ ਤੇ ਇਤਿਹਾਸ ਤਾਹਨੂੰ ਮਾਫ਼ ਨਹੀਂ ਕਰੇਗਾ ।