ਕਿਸਾਨੀ ਸੰਘਰਸ਼ ਦੇ ਨਾਇਕ ਦੀਪ ਸਿੱਧੂ ਦੇ ਜਨਮ ਦਿਨ ’ਤੇ ਲਗਾਇਆ ਖ਼ੂਨ ਦਾਨ ਕੈਂਪ
ਨੌਜਵਾਨਾਂ ਨੇ ਉਤਸ਼ਾਹ ਨਾਲ ਕੀਤਾ ਖ਼ੂਨ ਦਾਨ

ਬਠਿੰਡਾ 2 ਅਪ੍ਰੈਲ (ਕੁਲਬੀਰ ਬੀਰਾ)ਕਿਸਾਨੀ ਸੰਘਰਸ਼ ਦੇ ਨਾਇਕ ਤੇ ਤਿਹਾੜ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬੰਦ ਦੀਪ ਸਿੱਧੂ ਦੇ ਜਨਮ ਦਿਨ ਦੀ ਖ਼ੁਸੀ ’ਚ ਉਸ ਦੇ ਸਾਥੀਆਂ ਨੇ ਬਠਿੰਡਾ ’ਚ ਖ਼ੂਨ ਦਾਨ ਕੈਂਪ ਲਗਾਇਆ, ਜਿਸ ਵਿੱਚ ਨੌਜਵਾਨ ਨੇ ਉਤਸਾਹ ਨਾਲ ਖ਼ੂਨ ਦਾਨ ਕੀਤਾ, ਕੈਂਪ ’ਚ 5 ਔਰਤਾਂ ਨੇ ਵੀ ਸਵੈ ਇੱਛਾ ਨਾਲ ਆਪਣਾ ਖ਼ੂਨ ਦਾਨ ਕੀਤਾ।
ਕੈਂਪ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਬਠਿੰਡਾ ਵਿਖੇ ਪਾਏ ਗਏ, ਜਿਹਨਾਂ ’ਚ ਕਿਸਾਨੀ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਡੱਕੇ ਨੌਜਵਾਨਾਂ ਦੀ ਤੰਦਰੁਸਤੀ ਅਤੇ ਕਾਲੇ ਕਾਨੂੰਨਾਂ ’ਤੇ ਜਿੱਤ ਦੀ ਅਰਦਾਸ ਕਰਵਾਈ ਗਈ। ਇਸ ਮੌਕੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਏਖਾਨਾ ਤੇ ਗੁਰਦੀਪ ਸਿੰਘ ਦੀਪੀ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਵੇਂ ਸੰਸਾਰ ਦੇ ਹਰ ਸੰਘਰਸ਼ ’ਚ ਨੌਜਵਾਨ ਵਰਗ ਦੀ ਵੱਡੀ ਦੇਣ ਰਹੀ ਹੈ, ਉਸੇ ਤਰ੍ਹਾਂ ਖੇਤੀਬਾੜੀ ਮਾਰੂ ਭਿਆਨਕ ਕਾਨੂੰਨਾਂ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਵੀ ਨੌਜਵਾਨ ਦੀ ਭੂਮਿਕਾ ਤੋਂ ਇਨਕਾਰ ਕਰਨਾ ਇਕ ਇਤਿਹਾਸਕ ਕੁਤਾਹੀ ਹੋਵੇਗੀ, ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਨੌਜਵਾਨ ਆਗੂਆਂ ਦੀ ਅਗਵਾਈ ’ਚ ਕੇਂਦਰ ਸਰਕਾਰ ਨਾਲ ਟੱਕਰ ਲੈਣ ਦੇ ਰੌਅ ’ਚ ਹੈ।
ਸਰਕਾਰੀ ਹਸਪਤਾਲ ਬਲੱਡ ਬੈਂਕ ਟੀਮ ਦੀ ਅਗਵਾਈ ਡਾ. ਮਯੰਕ ਅਤੇ ਅਸ਼ੋਕ ਕੁਮਾਰ ਗੁਪਤਾ ਬਲੱਡ ਬੈਂਕ ਦੀ ਅਗਵਾਈ ’ਚ 86 ਯੂਨਿਟ ਬਲੱਡ ਇਕੱਤਰ ਕੀਤਾ ਗਿਆ।
ਇਸ ਮੌਕ ਅਰਦਾਸ ਕਰਨ ਵਾਲੇ ਭਾਈ ਤੇਜਾ ਸਿੰਘ ਮੁੱਖ ਗ੍ਰੰਥੀ, ਗੁਰਭੇਜ ਸਿੰਘ, ਲਭਪ੍ਰੀਤ ਸਿੰਘ ਬਰਾੜ,ਸਿਮਰਨਜੋਤ ਸਿੰਘ, ਰਮਨਦੀਪ ਸਿੰਘ,ਰਵੀ ਕਾਂਤ, ਬੇਅੰਤ ਤੁੰਗਵਾਲੀ ਆਦਿ ਵੀ ਮੌਕੇ ’ਤੇ ਹਾਜ਼ਰ ਸਨ।






















