ਯੂਥ ਅਕਾਲੀ ਦਲ ਨੇ ਫੂਕੇ ਪ੍ਰਧਾਨਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ
ਮੋਦੀ ਅਤੇ ਕੈਪਟਨ ਸਰਕਾਰ ਵਿਚ ਚੱਲ ਰਿਹੈ ਫਰੈਂਡਲੀ ਮੈਚ : ਬੰਟੀ ਰੋਮਾਣਾ

ਬਠਿੰਡਾ 21 ਜਨਵਰੀ (ਕੁਲਬੀਰ ਬੀਰਾ) :- ਕਿਸਾਨੀ ਅੰਦੋਲਨ ਦੇ ਹੱਕ ਵਿੱਚ ਬੋਲਣ ਵਾਲੀਆਂ ਧਿਰਾਂ ਨੂੰ ਮੋਦੀ ਸਰਕਾਰ ਅਧੀਨ ਐੱਨ ਆਈ ਏ ਵੱਲੋਂ ਭੇਜੇ ਗਏ ਨੋਟਿਸਾ ਕਰਕੇ ਹਰ ਵਰਗ ਵਿੱਚ ਮੋਦੀ ਸਰਕਾਰ ਖ਼ਿਲਾਫ਼ ਰੋਹ ਭਖਦਾ ਜਾ ਰਿਹਾ ਹੈ । ਅੱਜ ਇਨ੍ਹਾਂ ਨੋਟਿਸਾਂ ਦਾ ਗੰਭੀਰ ਨੋਟਿਸ ਲੈਂਦਿਆਂ ਯੂਥ ਅਕਾਲੀ ਦਲ ਜ਼ਿਲ੍ਹਾ ਪੱਧਰ ਤੇ ਸੜਕਾਂ ਤੇ ਉਤਰਦਾ ਹੋਇਆ ਨਜ਼ਰ ਆਇਆ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦੌਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਬਠਿੰਡਾ ਦੇ ਮਿੰਨੀ ਸਕੱਤਰੇਤ ਕੋਲ ਰੋਸ ਮਾਰਚ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਕੱਢੇ ਗਏ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੋਸ਼ ਲਾਏ ਕਿ ਕੈਪਟਨ ਅਤੇ ਮੋਦੀ ਸਰਕਾਰ ਵਿਚ ਫਰੈਂਡਲੀ ਮੈਚ ਚੱਲ ਰਿਹਾ ਹੈ, ਸਭ ਤੋਂ ਪਹਿਲਾਂ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਕੇਂਦਰ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ, ਫਿਰ ਕੈਪਟਨ ਸਰਕਾਰ ਨੇ ਪਰਚੇ ਦਰਜ ਕੀਤੇ ਅਤੇ ਹੁਣ ਐੱਨ ਆਈ ਏ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਬੋਲਣ ਵਾਲੀਆਂ ਧਿਰਾਂ ਨੂੰ ਨੋਟਸ ਕੱਢਣਾ ਸਿੱਧੀ ਸਾਜ਼ਿਸ਼ ਹੈ, ਕਿ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕੀਤਾ ਜਾ ਸਕੇ, ਪ੍ਰੰਤੂ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਬੁਲੰਦ ਕੀਤੀ ਆਵਾਜ਼ ਹੱਕਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ਅਤੇ ਕਿਸੇ ਵੀ ਤਰੀਕੇ ਨਾਲ ਕਿਸਾਨੀ ਅੰਦੋਲਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸ ਹਾਲਾਤ ਵਿਚ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਸੰਘਰਸ਼ ਵਿਚ ਡਟਕੇ ਨਾਲ ਖਡ਼੍ਹਾ ਹੈ ਤੇ ਹਰ ਸੰਘਰਸ਼ ਵਿੱਚ ਡਟਵਾਂ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਮੋਦੀ ਸਰਕਾਰ ਆਪਣੇ ਹੀ ਦੇਸ਼ ਦੇ ਕਿਸਾਨਾਂ ਨਾਲ ਈਗੋ ਅਤੇ ਹੈਂਕੜਬਾਜ਼ੀ ਅਪਣਾ ਰਹੀ ਹੈ ਜਦੋਂਕਿ ਕਿਸਾਨਾਂ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਤੇ ਸਰਕਾਰ ਨੂੰ ਤੁਰੰਤ ਫ਼ੈਸਲਾ ਲੈਂਦੇ ਹੋਏ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਦੀਪ ਸਿੰਘ ਕੋਟਸ਼ਮੀਰ, ਸੁਖਬੀਰ ਸਿੰਘ ਜੱਸੀ ਪੌ ਵਾਲੀ, ਅਮਰਜੀਤ ਸਿੰਘ ਜੰਡਾਂਵਾਲਾ, ਗੁਰਲਾਭ ਸਿੰਘ ਢੇਲਵਾਂ, ਹਾਜ਼ਰ ਸਨ।






















