ਕਿਸਾਨਾਂ ਨੇ ਹਾਈਵੇ ਕੀਤਾ ਜਾਮ ; ਵਾਹਨਾਂ ਦੀਆਂ ਲੱਗੀਆਂ ਕਈ ਕਿਲੋਮੀਟਰ ਲੰਮੀਆਂ ਲਾਈਨਾਂ
ਜਲੰਧਰ, 21ਅਕਤੂਬਰ (ਵਿਸ਼ਵ ਵਾਰਤਾ): ਸੜਕ ਰਾਹੀਂ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਯਾਤਰੀਆਂ ਦੇ ਲਈ ਅੱਜ ਦਾ ਦਿਨ ਪਰੇਸ਼ਾਨੀ ਭਰਿਆ ਹੈ। ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਤੋਂ ਨਰਾਜ਼ ਕਿਸਾਨਾਂ ਵੱਲੋਂ ਫਗਵਾੜਾ ਖੰਡ ਮਿਲ ਨਜ਼ਦੀਕ ਵੱਡਾ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨਾਂ ਨੇ ਧਰਨਾ ਲਗਾ ਕੇ ਝੋਨੇ ਦੀ ਚੁਕਾਈ ਨਾ ਹੋਣ ਤੇ ਸਰਕਾਰ ਪ੍ਰਤੀ ਆਪਣੀ ਨਰਾਜਗੀ ਦਾ ਇਜ਼ਹਾਰ ਕੀਤਾ। ਕਿਸਾਨ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ, ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਹੈ ਅਤੇ ਜਦ ਤੱਕ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਮੁਕੰਮਲ ਪ੍ਰਬੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨਾਂ ਦੇ ਇਸ ਧਰਨੇ ਕਰਕੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਨੈਸ਼ਨਲ ਹਾਈਵੇ ‘ਤੇ ਬਹੁਤ ਵੱਡਾ ਜਾਮ ਲੱਗ ਗਿਆ ਹੈ। ਕਈ ਕਿਲੋਮੀਟਰ ਲੰਮੀਆਂ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਹਨ। ਯਾਤਰੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ, ਸਕੂਲੀ ਬੱਚਿਆਂ ਦੇ ਵਾਹਨ ਐਂਬੂਲੈਂਸ ਫਾਇਰ ਬ੍ਰਿਗੇਡ ਅਤੇ ਹੋਰ ਜਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਰੋਕਿਆ ਨਹੀਂ ਜਾਵੇਗਾ। ਕਿਸਾਨਾਂ ਦੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਦੇ ਵਿੱਚ ਆ ਗਈ ਹੈ। ਪੁਲਿਸ ਵੱਲੋਂ ਟਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਚਲਾ ਕੇ ਆਵਾਜਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਨੈਸ਼ਨਲ ਹਾਈਵੇ ‘ਤੇ ਕਈ ਕਿਲੋਮੀਟਰ ਲੰਮਾ ਜਾਮ ਲੱਗਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਖਰੀਦ ਵਿੱਚ ਦੇਰੀ ਹੋ ਰਹੀ ਹੈ ਜਿਸ ਕਾਰਨ ਮੰਡੀਆਂ ਵਿੱਚ ਪਈ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ। ਖਰੀਦ ਵਿੱਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਨੂੰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਲਈ ਕਿਸਾਨਾਂ ਵੱਲੋਂ ਜਲਦ ਤੋਂ ਜਲਦ ਝੋਨੇ ਦੀ ਖਰੀਦ ਤੇ ਮੁਕੰਮਲ ਪ੍ਰਬੰਧ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਦੇ ਲਈ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।