ਕਿਸਾਨਾਂ ਦੀ ਸਰਕਾਰ ਨਾਲ ਅੱਜ ਹੋਵੇਗੀ ਮੀਟਿੰਗ
ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਤੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਕਸ਼ਮਕਸ਼ ਜਾਰੀ ਹੈ। 26 ਨਵੰਬਰ ਤੋਂ ਕਿਸਾਨ ਨਵੇਂ ਬਣੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਤੇ ਡਟੇ ਹੋਏ ਹਨ। ਸਰਕਾਰ ਅਤੇ ਕਿਸਾਨਾਂ ਵਿਚਕਾਰ ਖੇਤੀ ਕਾਨੂੰਨਾਂ ਤੇ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ।ਅੱਜ ਸਰਕਾਰ ਅਤੇ ਕਿਸਾਨ ਆਗੂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੁਪਹਿਰ 2 ਵਜੇ ਬੈਠਕ ਕਰਨਗੇ।
ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਗਾਜੀਪੁਰ ਬਾਰਡਰ ਤੇ ਬੈਠੇ ਇਕ ਕਿਸਾਨ ਨੇ ਕਿਹਾ ਸੀ ਕਿ “ਅਸੀਂ ਇਸ ਖਰਾਬ ਮੌਸਮ ਵਿੱਚ ਆਪਣੇ ਪਰਿਵਾਰ ਤੋਂ ਦੂਰ ਸੜਕਾਂ ਤੇ ਬੈਠੇ ਹਾਂ, ਅਸੀਂ ਉਮੀਦ ਕਰ ਰਹੇ ਹਾਂ ਕਿ ਸਰਕਾਰ ਸੋਮਵਾਰ ਨੂੰ ਸਾਡੀਆਂ ਮੰਗਾਂ ਸਵੀਕਾਰ ਕਰੇਗੀ ”।
ਇਸ ਤੋਂ ਪਹਿਲਾਂ 30 ਦਸੰਬਰ ਨੂੰ ਮੀਟਿੰਗ ਹੋਈ ਸੀ। ਜਿਸ ਵਿੱਚ ਕਿਸਾਨਾਂ ਦੀਆਂ ਚਾਰ ਪ੍ਰਸਤਾਵਾਂ ਵਿੱਚੋਂ ਦੋ ਤੇ ਸਹਿਮਤੀ ਬਣੀ ਸੀ। ਜਿਹਨਾਂ ਦੋ ਮੁੱਦਿਆਂ ਤੇ ਰਜ਼ਾਮੰਦੀ ਨਹੀਂ ਹੋਈ ਹੈ, ਉਹਨਾਂ ਵਿੱਚੋਂ ਇਕ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨਾ ਅਤੇ ਐਮਐਸਪੀ ਹਨ। ਇਹਨਾਂ ਦੋ ਮੁੱਦਿਆਂ ਤੇ ਅੱਜ ਫਿਰ ਗੱਲਬਾਤ ਹੋਵੇਗੀ।