ਕਾਰੋਬਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਘਰ ਈਡੀ ਦੀ ਛਾਪੇਮਾਰੀ ਜਾਰੀ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)- ਈਡੀ ਵੱਲੋਂ ਅੱਜ ਪੰਜਾਬ ਸਮੇਤ 3 ਰਾਜਾਂ ਵਿੱਚ 35 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਮਿਲ ਰਹੀ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਅੱਜ ਸਵੇਰੇ ਫਰੀਦਕੋਟ ਵਿੱਚ ਪੰਜਾਬ ਦੇ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪਾ ਮਾਰਨ ਪਹੁੰਚੀ। ਈਡੀ ਟੀਮ ਦੇ ਮੈਂਬਰ ਦੋ ਗੱਡੀਆਂ ਵਿੱਚ ਸਵੇਰੇ 8 ਵਜੇ ਦੇ ਕਰੀਬ ਦੀਪ ਦੇ ਘਰ ਪੁੱਜੇ ਅਤੇ ਫਿਰ ਕੋਠੀ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਕਾਰੋਬਾਰ ਅਤੇ ਜਾਇਦਾਦ ਨਾਲ ਸਬੰਧਤ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦੀਪ ਮਲਹੋਤਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਸਮੇਂ ਤੋਂ ਉਨ੍ਹਾਂ ਦੇ ਫਰੀਦਕੋਟ ਸਥਿਤ ਘਰ ਨਹੀਂ ਆਏ ਸਨ। ਇਸ ਦਾ ਕਾਰਨ ਇਹ ਘਰ ਕਾਫੀ ਸਮੇਂ ਤੋਂ ਬੰਦ ਦੱਸਿਆ ਜਾ ਰਿਹਾ ਹੈ। ਈਡੀ ਦੀ ਛਾਪੇਮਾਰੀ ਦਿੱਲੀ ਸਰਕਾਰ ਦੇ ਸ਼ਰਾਬ ਘੁਟਾਲੇ ਨਾਲ ਸਬੰਧਤ ਦੱਸੀ ਜਾਂਦੀ ਹੈ। ਈਡੀ ਦੀ ਟੀਮ ਜਿਸ ਇਨੋਵਾ ਗੱਡੀ ਤੋਂ ਛਾਪੇਮਾਰੀ ਕਰਨ ਪਹੁੰਚੀ, ਉਸ ਦਾ ਨੰਬਰ ਜਲੰਧਰ ਦੱਸਿਆ ਜਾ ਰਿਹਾ ਹੈ, ਪਰ ਅਧਿਕਾਰੀਆਂ ਨੇ ਛਾਪੇਮਾਰੀ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।























