ਕਾਂਗਰਸ ਵਿੱਚ ਛਿੜੀ ਜੰਗ-ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਬਾਗੀ ਹੋਏ ਕਈ ਵੱਡੇ ਆਗੂ,ਕਾਂਗਰਸੀ ਉਮੀਦਵਾਰਾਂ ਖਿਲਾਫ ਉਤਰੇ ਚੋਣ ਮੈਦਾਨ ‘ਚ
ਚੰਡੀਗੜ੍ਹ,29 ਜਨਵਰੀ(ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਵਿੱਚ ਬਗਾਵਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਹੁਣ ਤੱਕ ਹੋਏ 109 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਈ ਵੱਡੇ ਆਗੂਆਂ ਨੇ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਕਈ ਅਜੇ ਵੀ ਬਾਕੀ ਰਹਿੰਦੀਆਂ 8 ਸੀਟਾਂ ਤੋਂ ਉਮੀਦ ਲਗਾ ਕੇ ਬੈਠੇ ਹਨ। ਕਾਂਗਰਸ ਪਾਰਟੀ ‘ਤੇ ਸ਼ੁਰੂ ਤੋਂ ਹੀ ਵਿਰੋਧੀਆਂ ਵੱਲੋਂ ਪਰਿਵਾਰਵਾਦ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ। ਹੁਣ ਵਿਰੋਧੀਆਂ ਤੋਂ ਇਲਾਵਾ ਕਾਂਗਰਸੀਆਂ ਨੇ ਵੀ ਟਿਕਟਾਂ ਵੰਡਣ ਵਿੱਚ ਵੱਡੇ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਪਹਿਲ ਦਿੱਤੇ ਜਾਣ ਤੋਂ ਬਾਅਦ ਪਰਿਵਾਰਵਾਦ ਦਾ ਮੁੱਦਾ ਚੁੱਕ ਲਿਆ ਹੈ। ਜਿਸ ਤੋਂ ਬਾਅਦ ਪਾਰਟੀ 5 ਸੀਟਾਂ ਤੇ ਦੁਬਾਰਾ ਵਿਚਾਰ ਕਰ ਸਕਦੀ ਹੈ। ਜਿਹਨਾਂ ਸੀਟਾਂ ਤੇ ਕਾਂਗਰਸ ਨੂੰ ਪੁਰਾਣੇ ਕਾਂਗਰਸੀਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਵਿੱਚ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਕੁੱਦ ਚੁੱਕੇ ਹਨ। ਇਸ ਤੋਂ ਇਲਾਵਾ ਹਲਕਾ ਸੁਨਾਮ ਤੋਂ ਟਿਕਟ ਦੀ ਦਾਅਵੇਦਾਰ ਮੰਨੀ ਜਾ ਰਹੀ ਦਾਮਨ ਬਾਜਵਾ ਵੀ ਟਿਕਟ ਕੱਟੇ ਜਾਣ ਤੋਂ ਨਾਰਾਜ਼ ਨਜ਼ਰ ਆਈ ਸੀ,ਉਹ ਵੀ ਜਲਦ ਹੀ ਆਜ਼ਾਦ ਮੈਦਾਨ ਵਿੱਚ ਆ ਸਕਦੇ ਹਨ। ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਲਾਡੀ ਜੋ ਕਿ ਭਾਜਪਾ ਵਿੱਚ ਚਲੇ ਗਏ ਸਨ,ਦੀ ਵੀ ਟਿਕਟ ਕੱਟੀ ਜਾ ਚੁੱਕੀ ਹੈ। ਹਾਲਾਂਕਿ ਉਹ ਵਾਪਸ ਕਾਂਗਰਸ ਵਿੱਚ ਆ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਸੀ। ਫਿਰੋਜਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਦੀ ਟਿਕਟ ਵੀ ਕੱਟੀ ਜਾ ਚੁੱਕੀ ਹੈ। ਸੁਲਤਾਨਪੁਰ ਲੋਧੀ ਤੋਂ ਮੰਤਰੀ ਰਾਣਾ ਗੁਰਜੀਤ ਬੇਟੇ ਇੰਦਰਪ੍ਰਤਾਪ ਲਈ ਟਿਕਟ ਮੰਗ ਰਹੇ ਸਨ, ਪਰ ਕਾਂਗਰਸ ਨੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਨੂੰ ਟਿਕਟ ਦੇ ਦਿੱਤੀਹੈ,ਜਿਸ ਤੋਂ ਬਾਅਦ ਉਹਨਾਂ ਦੇ ਬੇਟੇ ਇੰਦਰਪ੍ਰਤਾਪ ਇੱਥੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।
ਹਲਕਾ ਖਰੜ ਤੋਂ ਟਿਕਟ ਦੇ ਦਾਅਵੇਦਾਰ ਸਾਬਕਾ ਮੰਤਰੀ ਜਗਮੋਹਨ ਕੰਗ ਵੱਲੋਂ ਵੀ ਟਿਕਟ ਕੱਟੇ ਜਾਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਸੀ। ਉਹਨਾਂ ਨੇ ਟਿਕਟ ਕੱਟੇ ਜਾਣ ਲਈ ਮੁੱਖ ਮੰਤਰੀ ਚੰਨੀ ਨੂੰ ਜਿੰਮੇਦਾਰ ਠਹਿਰਾਇਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੇ ਬੇਟੇ ਇੱਥੋਂ ਆਜ਼ਾਦ ਚੋਣ ਲੜਨਗੇ ।ਸ਼ੁਤਰਾਣਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ। ਉਹ ਵੀ ਪਾਰਟੀ ਤੋਂ ਨਾਰਾਜ਼ ਦੱਸੇ ਜਾਂਦੇ ਹਨ।ਬਟਾਲਾ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਟਿਕਟ ਦੀ ਮੰਗ ਕਰ ਰਹੇ ਸਨ,ਹਾਲਾਂਕਿ ਉਹਨਾਂ ਨੂੰ ਫਤਿਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਜਾ ਚੁੱਕੀ ਹੈ,ਪਰ ਬਟਾਲਾ ਤੋਂ ਉਹਨਾਂ ਦੇ ਬੇਟੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦੇ ਖਿਲਾਫ ਆਜ਼ਾਦ ਚੋਣ ਲੜ ਸਕਦੇ ਹਨ।ਹਲਕਾ ਬੱਸੀ ਪਠਾਣਾਂ ਤੋਂ ਮੁੱਖ ਮੰਤਰੀ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਵੀ ਕਾਂਗਰਸ ਤੋਂ ਟਿਕਟ ਮੰਗ ਰਹੇ ਸਨ। ਪਰ,ਪਾਰਟੀ ਨੇ ਇੱਥੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਭਰੋਸਾ ਜਤਾਇਆ ਹੈ। ਜਿਸ ਤੋਂ ਨਾਰਾਜ਼ ਮੁੱਖ ਮੰਤਰੀ ਚੰਨੀ ਦੇ ਭਰਾ ਨੇ ਆਜਾਦ ਨਾਮਜ਼ਦਗੀ ਭਰ ਦਿੱਤੀ ਹੈ।ਜਗਰਾਉਂ ਤੋਂ ਟਿਕਟ ਪ੍ਰਾਪਤ ਕਰਨ ਵਾਲੇ ਜਗਤਾਰ ਹਿੱਸੋਵਾਲ ਦਾ ਵੀ ਕਾਂਗਰਸੀ ਆਗੂ ਮਲਕੀਤ ਦਾਖਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਡਿੰਪਾ ਆਪਣੇ ਬੇਟੇ ਲਈ ਟਿਕਟ ਮੰਗ ਰਹੇ ਸਨ ਪਰ ,ਕਾਂਗਰਸ ਨੇ ਵਿਧਾਇਕ ਰਮਨਜੀਤ ਸਿੱਕੀ ਨੂੰ ਟਿਕਟ ਦੇ ਦਿੱਤੀ। ਜਿਸ ਤੋਂ ਬਾਅਦ ਕਾਂਗਰਸ ਨੂੰ ਜਸਬੀਰ ਡਿੰਪਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਲਕਾ ਸਾਹਨੇਵਾਲ ਤੋਂ ਪਿਛਲੀ ਵਾਰ ਚੋਣ ਲੜਨ ਵਾਲੀ ਸਤਵਿੰਦਰ ਬਿੱਟੀ ਨੇ ਵੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜਵਾਈ ਬਿਕਰਮ ਬਾਜਵਾ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਆਦਮਪੁਰ ਤੋਂ ਮੁੱਖ ਮੰਤਰੀ ਚੰਨੀ ਆਪਣੇ ਰਿਸ਼ਤੇਦਾਰ ਮਹਿੰਦਰ ਕੇਪੀ ਲਈ ਟਿਕਟ ਦੀ ਮੰਗ ਕਰ ਰਹੇ ਸਨ,ਪਰ ਪਾਰਟੀ ਨੇ ਬੀਐਸਪੀ ਤੋਂ ਆਏ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਹੈ। ਜਿਸ ਤੋਂ ਬਾਅਦ ਕੇਪੀ ਵੱਲੋਂ ਨਾਰਾਜ਼ਗੀ ਜਾਹਰ ਕੀਤੀ ਗਈ ਸੀ।ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਵਿਚਾਰ ਕਰ ਰਹੀ ਹੈ।
ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਮਹਿਲਾਵਾਂ ਨੂੰ ਘੱਟ ਟਿਕਟਾਂ ਮਿਲਣ ਤੋਂ ਨਾਰਾਜ਼ ਮਹਿਲਾ ਕਾਂਗਰਸ ਆਗੂਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਬਾਕੀ ਰਹਿੰਦੀਆਂ 8 ਟਿਕਟਾਂ ਮਹਿਲਾਵਾਂ ਨੂੰ ਨਹੀਂ ਮਿਲਦੀਆਂ ਤਾਂ ਉਹ ਕਿਸੇ ਵੀ ਉਮੀਦਵਾਰ ਦਾ ਪ੍ਰਚਾਰ ਨਹੀਂ ਕਰਨਗੇ।























