ਕਾਂਗਰਸ ਪ੍ਰਧਾਨ ਨੂੰ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਚੰਡੀਗੜ੍ਹ
ਆਉਦਿਆਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੰਤਰੀਆਂ,ਵਿਧਿਇਕਾਂ ਅਤੇ ਅਧਿਕਾਰੀਆਂ ਦਾ ਜਮਾਵੜਾ ਸ਼ੁਰੂ
ਚੰਡੀਗੜ੍ਹ,7 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਵਰਕਿੰਗ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਅੱਜ ਚੰਡੀਗੜ੍ਹ ਪਰਤ ਆਏ ਹਨ।ਉਹ ਕੱਲ੍ਹ ਦਿੱਲੀ ਗਏ ਸਨ, ਜਿੱਥੇ ਉਹਨਾਂ ਦੀ ਕਾਂਗਰਸ ਪ੍ਰਧਾਨ ਨਾਲ ਕੱਲ੍ਹ ਸ਼ਾਮ ਲੰਮੀ ਮੀਟਿੰਗ ਚੱਲੀ ਸੀ। ਜਿਸ ਵਿੱਚ ਉਹਨਾਂ ਨੇ ਪੰਜਾਬ ਮੰਤਰੀ ਮੰਡਲ ਅਤੇ ਪ੍ਰਸ਼ਾਸ਼ਨ ਵਿੱਚ ਹੋਣ ਵਾਲੇ ਵੱਡੇ ਫੇਰਬਦਲ ਦਾ ਸਾਰਾ ਲੇਖਾ ਜੋਖਾ ਕਾਂਗਰਸ ਪ੍ਰਧਾਨ ਅੱਗੇ ਰੱਖਿਆ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਿਕ 2022 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਇਹ ਮੀਟਿੰਗ ਕਾਫੀ ਮਹੱਤਵਪੂਰਨ ਸਮਝੀ ਜਾ ਰਹੀ ਹੈ।ਇਸ ਵਿੱਚ ਕਾਂਗਰਸ ਦੇ ਚੱਲ ਰਹੇ ਅੰਦਰੂਨੀ ਵਿਵਾਦ ਬਾਰੇ ਵੀ ਚਰਚਾ ਹੋਈ ਦੱਸੀ ਜਾਂਦੀ ਹੈ। ਇਸ ਸੰਬੰਧ ਵਿੱਚ ਕਾਂਗਰਸ ਪ੍ਰਧਾਨ ਵੱਲੋਂ ਆਪਣਾ ਫੈਸਲਾ ਇੱਕ ਦੋ ਦਿਨਾਂ ਵਿੱਚ ਸੁਣਾਇਆ ਜਾ ਸਕਦਾ ਹੈ।ਜਿਸ ਬਾਰੇ ਮੁੱਖ ਮੰਤਰੀ ਕਹਿ ਚੁੱਕੇ ਹਨ ਕਿ ਪਾਰਟੀ ਪ੍ਰਧਾਨ ਦਾ ਜੋ ਵੀ ਫੈਸਲਾ ਆਵੇਗਾ ਉਨ੍ਹਾਂ ਨੂੰ ਮੰਜ਼ੂਰ ਹੋਵੇਗਾ।
ਮੁੱਖ ਮੰਤਰੀ ਦੇ ਵਾਪਸ ਆਉਂਦਿਆਂ ਉਹਨਾਂ ਦੀ ਰਿਹਾਇਸ਼ ਤੇ ਮੰਤਰੀ ,ਵਿਧਾਇਕ ਤੇ ਉੱਚ ਅਧਿਕਾਰੀਆਂ ਤੋਂ ਇਲਾਵਾ ਨਜ਼ਦੀਕੀ ਸਾਥੀ ਵੀ ਤੁਰੰਤ ਹੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ। ਮੁੱਖ ਮੰਤਰੀ ਨੇ ਨਾਲ ਹੀ ਮੀਟਿੰਗਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਦੱਸੀਆਂ ਜਾ ਰਹੀਆਂ ਹਨ।























