ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਹਰ ਵਰਗ ਦਾ ਕਚੂੰਮਰ ਕੱਢਿਆ
ਪਟਿਆਲਾ, 9 ਮਈ- ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਹੀ ਹਮੇਸ਼ਾਂ ਕਿਸਾਨਾਂ, ਮਜਦੂਰਾਂ ਅਤੇ ਗਰੀਬ ਵਰਗ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਕਦਮ ਚੁੱਕੇ ਹਨ। ਜਦੋਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਤੇ ਗਰੀਬ ਵਰਗ ਦੀ ਭਲਾਈ ਲਈ ਤਾਂ ਕੀ ਕੰਮ ਕਰਨੇ ਸਨ। ਸਗੋਂ ਉਹਨਾਂ ਦੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਇਹਨਾਂ ਵਰਗਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਕਿਸਾਨਾਂ ਦੀ ਹਾਲਤ ਬਦ ਤੋਂ ਬੱਦਤਰ ਹੋ ਗਈ ਹੈ ਅਤੇ ਪੂਰੇ ਦੇਸ਼ ਵਿਚੋਂ ਪੰਜਾਬ ਹੀ ਪਹਿਲਾਂ ਸੂਬਾ ਹੈ ਜਿੱਥੇ ਕੈਪਟਨ ਸਰਕਾਰ ਨੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦੀ ਸ਼ੁਰੂਅਤ ਕਰਕੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਗਰੀਬ ਵਰਗ ਦਾ ਵੀ 50 ਹਜਾਰ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦੀ ਸ਼ੁਰੂਆਤ ਕੀਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਅੱਜ ਸ਼ੁਤਰਾਣਾ ਵਿਧਾਨ ਸਭਾ ਹਲਕੇ ਦੇ ਪਿੰਡ ਕੁਲਾਰਾਂ, ਸ਼ਾਹਪੁਰ, ਕਕਰਾਲਾ ਅਤੇ ਹਰਿਆਉ ਖੁਰਦ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਪਰਨੀਤ ਕੌਰ ਨੇ ਅਕਾਲੀ ਦਲ ਤੇ ਭਾਜਪਾ ਦੀ ਪਿਛਲੀ ਸਰਕਾਰ ਤੇ ਵਰਦਿਆਂ ਦੋਸ਼ ਲਾਇਆ ਕਿ ਉਹਨਾਂ 10 ਸਾਲਾਂ ਦੇ ਰਾਜ ਵਿੱਚ ਪੰਜਾਬ ਦੇ ਹਰ ਵਰਗ ਨੂੰ ਲੁੱਟਿਆਂ ਤੇ ਕੁੱਟਿਆ। ਪੰਜਾਬ ਦਾ ਵਿਕਾਸ ਤਾ ਕੀ ਕਰਨਾ ਸੀ ਸਗੋਂ ਪਿਛਲੀ ਕਾਂਗਰਸ ਸਰਕਾਰ ਵਿੱਚ ਜਿਹੜਾ ਪੰਜਾਬ ਹਰ ਖੇਤਰ ਵਿੱਚ ਮੋਹਰੀ ਸੀ, ਉਸ ਨੂੰ ਹਾਸ਼ੀਏ ਤੇ ਲੈ ਆਂਦਾ। ਕੈਪਟਨ ਸਰਕਾਰ ਨੂੰ ਵਿਰਾਸਤ ਵਿੱਚ ਵੱਡੀ ਪੱਧਰ ਤੇ ਕਰਜਾਈ ਸਰਕਾਰ ਮਿਲੀ ਅਤੇ ਕੈਪਟਨ ਸਾਹਿਬ ਦੀ ਅਗਵਾਈ ਹੇਠ ਸਰਕਾਰ ਦੀਆਂ ਅਗਾਂਹ ਵਧੂ ਨੀਤੀਆਂ ਸਦਕਾ ਅੱਜ ਪੰਜਾਬ ਹਰ ਖੇਤਰ ਵਿੱਚ ਵਿਕਾਸ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ।
ਪਰਨੀਤ ਕੌਰ ਨੇ ਪਟਿਆਲਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਉਹਨਾਂ ਕੇਂਦਰੀ ਮੰਤਰੀ ਹੁੰਦਿਆਂ ਹੋਇਆ ਹਲਕੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਉਥੇ ਹੀ ਪਿਛਲੀ ਕੈਪਟਨ ਸਰਕਾਰ ਵੇਲੇ ਪਟਿਆਲਾ ਜ਼ਿਲ੍ਹੇ ਦਾ ਚੌਹਤਰਫਾ ਵਿਕਾਸ ਕਰਵਾਇਆ ਗਿਆ ਅਤੇ ਹੁਣ ਪਿਛਲੇ 2 ਸਾਲਾਂ ਦੌਰਾਨ ਹਲਕੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਅਰੰਭੇ ਗਏ ਹਨ। ਉਹਨਾਂ ਆਖਿਆ ਕਿ ਪਟਿਆਲਾ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਪਾਤੜਾਂ ਵਿਖੇ ਜਿੱਥੇ ਲੜਕੀਆਂ ਦੇ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ ਉਥੇ ਹੀ ਪਾਤੜਾਂ ਵਿਖੇ ਸਿਵਲ ਹਸਪਤਾਲ ਵਿੱਚ ਟਰੋਮਾਂ ਸੈਂਟਰ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਘੱਗਰ ਦੇ ਨਾਲ ਲਗਦੇ ਪਿੰਡਾਂ ਵਿੱਚ ਭਾਖੜਾ ਨਹਿਰ ਤੋਂ ਪਾਣੀ ਲੈ ਕੇ ਸਾਫ ਕਰਕੇ ਪੀਣ ਵਾਲਾ ਸ਼ੁੱਧ ਪਾਣੀ ਜਲ ਸਪਲਾਈ ਰਾਹੀਂ ਮੁਹੱਇਆ ਕਰਵਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਪਾਤੜਾਂ ਵਿਖੇ ਖੇਡ ਸਟੇਡੀਅਮ ਦੀ ਉਸਾਰੀ ਵੀ ਕੀਤੀ ਜਾਵੇਗੀ ਅਤੇ ਸ਼ੁਤਰਾਣਾ ਹਲਕੇ ਦੇ ਸਮਾਣਾ ਬਲਾਕ ਵਿੱਚ ਪੈਂਦੇ ਪਿੰਡਾਂ ਨੂੰ ਵੱਖਰਾ ਕਰਕੇ ਨਵੇਂ ਬਲਾਕ ਦੀ ਸਥਾਪਨਾ ਕੀਤੀ ਜਾਵੇਗੀ।
ਵਿਧਾਇਕ ਨਿਰਮਲ ਸਿੰਘ ਨੇ ਸ਼ੁਤਰਾਣਾ ਹਲਕੇ ਦੇ ਲੋਕਾਂ ਵਲੋਂ ਯਕੀਨ ਦੁਆਇਆ ਕਿ ਪਰਨੀਤ ਕੌਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਤਾਇਆ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਐਸ.ਐਸ. ਘੁੰਮਣ, ਡੇਜੀ ਕਾਹਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਪੰਨੂ, ਬਲਾਕ ਪ੍ਰਧਾਨ ਬੱਬੂ ਬਾਜਵਾ ਅਤੇ ਜਸਦੇਵ ਸਿੰਘ, ਰਣਜੀਤ ਅਰੋੜਾ, ਮਾਈ ਰੂਪ ਬਾਗੜੀਆਂ, ਸਰਪੰਚ ਰਾਜ ਕੁਮਾਰ ਬਾਵਾ, ਕਲਵਿੰਦਰ ਕੌਰ, ਬੇਦੀ ਸਿੰਘ, ਗੁਲਾਬ ਸਿੰਘ ਸਾਰੇ ਸਰਪੰਚ, ਪ੍ਰਿਤਪਾਲ ਕੌਰ ਅਤੇ ਰਾਜ ਕੌਰ, ਡਾ. ਮੋਹਨ ਸਿੰਘ, ਪੰਜਾਬ ਆਜਾਦੀ ਘੁਲਾਟੀਆ ਦੇ ਪ੍ਰਧਾਨ ਹਰਿੰਦਰ ਸਿੰਘ ਖਾਲਸਾ, ਅਵਤਾਰ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਪਤਵੰਤੇ ਸ਼ਾਮਲ ਹੋਏ।