ਪਟਿਆਲਾ, 16 ਮਈ- ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆ ਤੋਂ ਤੰਗ ਆ ਕੇ ਪੰਜਾਬ ਦੇ ਕਿਸਾਨ ਕੇਂਦਰ ਵਿੱਚ ਬਦਲਾਅ ਚਾਹੁੰਦੇ ਹਨ ਅਤੇ ਅਜਿਹੀ ਸਰਕਾਰ ਦੇ ਗਠਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਜੋ ਕਿ ਜ਼ਮੀਨੀ ਸਤਰ ਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੋਵੇ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਇਛਾ ਸ਼ਕਤੀ ਰੱਖਦੀ ਹੋਵੇ। ਇਹ ਵਿਚਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹੀ ਨਹੀਂ ਸਗੋਂ ਮੋਦੀ ਸਰਕਾਰ ਦੇ ਸਤਾਏ ਹੋਏ ਛੋਟੇ ਕਾਰੋਬਾਰੀ ਅਤੇ ਗਰੀਬ ਤਪਕੇ ਦੇ ਲੋਕ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਆਪਣਾ ਮਨ ਬਣਾਈ ਬੈਠੇ ਹਨ ਅਤੇ 19 ਮਈ ਵਾਲੇ ਦਿਨ ਮੋਦੀ ਨੂੰ ਗਲਤ ਨੀਤੀਆ ਦਾ ਖਮਿਆਜਾ ਭੁਗਤਣਾ ਪਵੇਗਾ। ਉਹਨਾਂ ਆਖਿਆ ਕਿ ਮੋਦੀ ਨੇ ਪੰਜ ਸਾਲ ਕਿਸੇ ਦੀ ਵੀ ਨਹੀਂ ਸੁਣੀ ਸਿਰਫ ਆਪਣੇ ਮਨ ਦੀਆਂ ਗੱਲਾਂ ਹੀ ਲੋਕਾਂ ਨੂੰ ਸੁਣਾ ਕੇ ਭਰਮਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਅਤੇ ਲੋਕਾਂ ਦੇ ਖੂਨ ਪਸ਼ੀਨੇ ਦੀ ਕਮਾਈ ਵਿਚੋਂ ਆਉਂਦੇ ਕੇਂਦਰੀ ਟੈਕਸਾਂ ਦੇ ਫੰਡਾਂ ਦੀ ਆਪਣੇ ਬੇ ਲੋੜੇ ਵਿਦੇਸ਼ੀ ਦੌਰਿਆਂ ‘ਤੇ ਖਰਚ ਕਰਕੇ ਦੇਸ਼ ਦੀ ਆਰਥਿਕਤਾ ਨੂੰ ਖੋਖਲਾ ਕੀਤਾ।
ਪਰਨੀਤ ਕੌਰ ਨੇ ਆਖਿਆ ਕਿ ਪੰਜਾਬ ਦੇ ਅਗਾਂਹ ਵਧੂ ਸੋਚ ਰੱਖਣ ਵਾਲੇ ਵੋਟਰ ਂਇਹ ਭਲੀਭਾਂਤ ਜਾਣਦੇ ਹਨ, ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਹੀ ਕਰ ਸਕਦੀ ਹੈ। ਉਹਨਾਂ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੇ ਕੀਮਤੀ ਵੋਟ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਪਾ ਕੇ ਲੋਕ ਸਭਾ ਵਿੱਚ ਭੇਜਣ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਮਜਬੂਤ ਸਰਕਾਰ ਬਣੇ ਜੋ ਕਿ ਦੇਸ਼ ਦੇ ਹਰ ਵਰਗ ਦੀ ਭਲਾਈ ਕਰਕੇ ਸਾਰਿਆਂ ਨਾਲ ਇਨਸਾਫ ਕਰ ਸਕੇ।