ਕਾਂਗਰਸ ਕਿਸਨੂੰ ਐਲਾਨੇਗੀ ਮੁੱਖ ਮੰਤਰੀ ਦਾ ਉਮੀਦਵਾਰ
ਨਵਜੋਤ ਸਿੱਧੂ ਨਹੀਂ ਚਾਹੁੰਦੇ ਬਣਨਾ ਦਰਸ਼ਨੀ ਘੋੜਾ,ਚਰਨਜੀਤ ਚੰਨੀ ਮੰਗ ਰਹੇ ਹਨ ਇੱਕ ਹੋਰ ਮੌਕਾ
ਚੰਡੀਗੜ੍ਹ,28 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਤਿਆਰ ਹੋ ਚੁੱਕਾ ਹੈ। ਸਾਰੀਆਂ ਪਾਰਟੀਆਂ ਵੱਲੋਂ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਬੀਤੇ ਕੱਲ੍ਹ ਦੀ ਪੰਜਾਬ ਫੇਰੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਪੁਰਾਣੀ ਚਰਚਾ ਨੂੰ ਛੇੜ ਦਿੱਤਾ ਹੈ। ਰਾਹੁਲ ਗਾਂਧੀ ਨੇ ਕੱਲ੍ਹ ਐਲਾਨ ਕਰ ਦਿੱਤਾ ਕਿ ਕਾਂਗਰਸ ਪਾਰਟੀ ਇਸ ਵਾਰ ਵੀ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਵਿੱਚ ਉਤਰੇਗੀ। ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਿਹਰੇ ਦੇ ਦੋ ਸਭ ਤੋਂ ਵੱਡੇ ਦਾਅਵੇਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਇੱਕ ਦੂਜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ।ਰਾਹੁਲ ਗਾਂਧੀ ਦੇ ਇਸ ਐਲਾਨ ਤੋਂ ਬਾਅਦ ਰੈਲੀ ਦੌਰਾਨ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਉਹਨਆਂ ਨੂੰ ਦਰਸ਼ਨੀ ਘੋੜਾ ਨਾ ਬਣਾ ਦਿੱਤਾ ਜਾਵੇ। ਉਹਨਾਂ ਸਿੱਧੇ ਤੌਰ ਤੇ ਕਾਂਗਰਸ ਹਾਈਕਮਾਨ ਸਾਹਮਣੇ ਇਹ ਮੰਗ ਰੱਖੀ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਸਵਾਲ ਕਰਦੇ ਹਨ ਕਿ ਪੰਜਾਬ ਮਾਡਲ ਨੂੰ ਲਾਗੂ ਕੌਣ ਕਰੇਗਾ। ਉਹਨਾਂ ਦਾ ਇਹ ਇਸ਼ਾਰਾ ਸਿੱਧਾ ਸਿੱਧਾ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਵੱਲ ਹੀ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਵੀ ਕਿਹਾ ਕਿ ਉਹਨਾਂ ਨੇ 111 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੰਮ ਕਰਕੇ ਦਿਖਾਏ ਹਨ। ਇਸ ਲਈ ਉਹਨਾਂ ਨੂੰ ਹੁਣ 5 ਸਾਲਾਂ ਲਈ ਇੱਕ ਮੌਕਾ ਹੋਰ ਮਿਲਣਾ ਚਾਹੀਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਕਈ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਖੁੱਲ੍ਹ ਕੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਬੋਲੇ ਹਨ। ਇਸ ਲਈ ਇਹ ਆਮ ਚਰਚਾ ਹੈ ਕਿ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਹੀ ਆਪਣੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇਗੀ। ਪਰ,ਕਾਂਗਰਸ ਪਾਰਟੀ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਨਾਰਾਜ਼ ਨਹੀਂ ਕਰਨਾ ਚਾਹੇਗੀ। ਇਸ ਲਈ ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਕਾਂਗਰਸ ਪਾਰਟੀ ਦੁਚਿੱਤੀ ਵਿੱਚ ਫਸੀ ਹੋਈ ਹੈ।
https://twitter.com/RahulGandhi/status/1486716671653924875?s=20























