ਕਾਂਗਰਸ ‘ਆਪ’ ਦੀ ਬੀ-ਟੀਮ, ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ: ਪ੍ਰਨੀਤ ਕੌਰ
-ਕਾਂਗਰਸ ਅਤੇ ‘ਆਪ’ ਪਾਰਟੀ ਵਿਚਾਲੇ ਗੁਪ-ਚੁੱਪ ਸਮਝੌਤਾ, ਕਾਂਗਰਸ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਵਾਇਆ ਸੀ ਪੰਜਾਬ ਦਾ ਵਿਕਾਸ
ਜ਼ੀਰਕਪੁਰ/ਚੰਡੀਗੜ੍ਹ 12 ਮਈ (ਵਿਸ਼ਵ ਵਾਰਤਾ):- ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਐਤਵਾਰ ਨੂੰ ਬਨੂੜ, ਡੇਰਾਬੱਸੀ ਅਤੇ ਜੀਰਕਪੁਰ ਵਿੱਚ ਭਾਜਪਾ ਆਗੂਆਂ ਵਲੋਂ ਰੱਖਿਆਂ ਰਾਜਨੀਤਿਕ ਜਨਸਭਾਵਾਂ ਵਿੱਚ ਪਹੁੰਚਕੇ ਆਪਣਾ ਚੌਣ ਪ੍ਰਚਾਰ ਕੀਤਾ।
ਇਸ ਦੌਰਾਨ ਉਹਨਾਂ ਆਪਣੇ ਵਿਚਾਰ ਅਪਨੇ ਸਰਥਕਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਦੀ ਬੀ-ਟੀਮ ਹੈ। ਦੋਵਾਂ ਧਿਰਾਂ ਵਿਚਾਲੇ ਗੁਪ-ਚੁੱਪ ਸਮਝੌਤਾ ਹੋ ਗਿਆ ਹੈ। ਮੋਦੀ ਤੋਂ ਇਲਾਵਾ ਕਿਸੇ ਹੋਰ ਸਿਆਸੀ ਪਾਰਟੀ ਅਤੇ ਲੀਡਰ ਕੋਲ ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ ਹੈ। ਜੇਕਰ ਪੰਜਾਬ ਦਾ ਵਿਕਾਸ ਕਾਂਗਰਸ ਦੇ ਸਮੇਂ ਦੌਰਾਨ ਹੋਇਆ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੀ ਹੋ ਸਕਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਕਰਤਾਰਪੁਰ ਲਾਂਘੇ ਰਾਹੀਂ ਸਿੱਖਾਂ ਦੀ ਆਸਥਾ ਵਿੱਚ ਆਪਣੀ ਆਸਥਾ ਦਾ ਸਬੂਤ ਦਿੱਤਾ, ਉੱਥੇ ਹੀ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦਾ ਵਿਸ਼ਾਲ ਮੰਦਰ ਬਣਾ ਕੇ ਨਾ ਸਿਰਫ਼ ਹਿੰਦੂਆਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਆਸਥਾ ਦਾ ਸਤਿਕਾਰ ਕੀਤਾ। ਸ੍ਰੀ ਹੇਮਕੁੰਟ ਸਾਹਿਬ ਵਿੱਚ ਰੋਪਵੇਅ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਬਾਲ ਦਿਵਸ ਵਜੋਂ ਘੋਸ਼ਿਤ ਕਰਨਾ, ਬਦਰੀਨਾਥ ਮੰਦਰ ਨੂੰ ਨਵਾਂ ਗਲਿਆਰਾ ਦੇਣਾ, ਕਾਸ਼ੀ ਅਤੇ ਬਨਾਰਸ ਵਰਗੇ ਵੱਡੇ ਧਾਰਮਿਕ ਸਥਾਨਾਂ ਦਾ ਵਿਕਾਸ ਕਰਨਾ, ਆਸਥਾ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਰਗੇ ਵੱਡੇ ਵਿਕਾਸ ਨੂੰ ਭਾਰਤ ਦੇ ਲੋਕ ਕਦੇ ਨਹੀਂ ਭੁੱਲ ਸਕਦੇ।
ਦੇਸ਼ ਵਿੱਚ ਹਰ ਰੋਜ਼ 28 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਦੇਸ਼ ਨੂੰ ਮੈਟਰੋ ਟਰੇਨਾਂ ਅਤੇ ਨਵੇਂ ਹਵਾਈ ਅੱਡੇ ਪ੍ਰਦਾਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਨੂੰ ਆਰਥਿਕ ਤੌਰ ਤੇ ਵਿਸ਼ਵ ਵਿੱਚ ਪੰਜਵੇਂ ਸਥਾਨ ’ਤੇ ਪਹੁੰਚਾ ਦਿੱਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਆਗੂਆਂ ਦੀ ਭਰੋਸੇਯੋਗਤਾ ਜ਼ੀਰੋ ‘ਤੇ ਪਹੁੰਚ ਗਈ ਹੈ ਅਤੇ ਲੋਕ ਹੁਣ ਪੰਜਾਬ ‘ਚ ਵੱਡੇ ਬਦਲਾਅ ਦੀ ਉਡੀਕ ਕਰ ਰਹੇ ਹਨ।
ਜਨਤਕ ਮੀਟਿੰਗਾਂ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਪਟਿਆਲਾ ਦੇ ਲੋਕਾਂ ਵੱਲੋਂ ‘ਆਪ’ ਪਾਰਟੀ ਅਤੇ ਕਾਂਗਰਸ ਦੀ ਕੌਰਵ ਸੈਨਾ ਵਿਰੁੱਧ ਲੜੀਆਂ ਜਾ ਰਹੀਆਂ ਹਨ ਅਤੇ ਲੋਕ ਇਸ ਨੂੰ ਲੈ ਕੇ ਕਾਫੀ ਉਤਾਵਲੇ ਹਨ। ਜਨ ਸਭਾਵਾਂ ਦੌਰਾਨ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਭਾਜਪਾ ਆਗੂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਅਜਿਹੇ ਲਾਭਪਾਤਰੀਆਂ ਨੂੰ ਮਿਲੀ ਹਾਂ, ਜਿਨ੍ਹਾਂ ਨੇ ਦੱਸਿਆ ਕਿ ਮੋਦੀ ਦੀਆਂ ਨੀਤੀਆਂ ਦਾ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ ਹੈ। ਪਹਿਲੀ ਵਾਰ, ਗਰੀਬ ਪਰਿਵਾਰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਪੱਕਾ ਘਰ ਬਣਾਉਣ ਦਾ ਆਪਣਾ ਸੁਪਨਾ ਪੂਰਾ ਕਰ ਸਕੇ ਹਨ। ਪਹਿਲੀ ਵਾਰ, ਗਰੀਬ ਪਰਿਵਾਰ ਆਯੁਸ਼ਮਾਨ ਭਾਰਤ ਰਾਹੀਂ ਸਭ ਤੋਂ ਵਧੀਆ ਸਿਹਤ ਸੇਵਾਵਾਂ ਮੁਫਤ ਲੈ ਸਕਦੇ ਹਨ। ਪਹਿਲੀ ਵਾਰ, ਔਰਤਾਂ ਨੂੰ ਹੁਣ ਚੁੱਲ੍ਹੇ ਦੇ ਧੂੰਏਂ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਹੀ, ਕਿਉਂਕਿ ਉਨ੍ਹਾਂ ਨੂੰ ਉੱਜਵਲਾ ਯੋਜਨਾ ਦਾ ਲਾਭ ਮਿਲ ਰਿਹਾ ਹੈ। ਇਕੱਲੇ ਪੰਜਾਬ ਵਿੱਚ 12.83 ਲੱਖ ਲਾਭਪਾਤਰੀ ਹਨ। ਪਹਿਲੀ ਵਾਰ, ਔਰਤਾਂ ਹੁਣ ਲਖਪਤੀ ਦੀਦੀ, ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਰਾਹੀਂ ਆਪਣੇ ਖੁਦ ਦੇ ਉਦਯੋਗ ਸ਼ੁਰੂ ਕਰਨ ਦੇ ਆਪਣੇ ਸੁਪਨੇ ਸਾਕਾਰ ਹੁੰਦੇ ਦੇਖ ਰਹੀਆਂ ਹਨ। ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਪੋਸ਼ਣ ਯੋਜਨਾ ਦੇ ਫਾਇਦੇ ਵੀ ਕਿਸੇ ਤੋਂ ਲੁਕੇ ਨਹੀਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 23.3 ਲੱਖ ਤੋਂ ਵੱਧ ਕਿਸਾਨਾਂ ਨੂੰ 4 ਹਜਾਰ 605 ਕਰੋੜ ਰੁਪਏ ਜਾਰੀ ਹੋ ਸਕੇ। ਇਨ੍ਹਾਂ ਸਾਰੀਆਂ ਸਕੀਮਾਂ ਤੋਂ ਹਰ ਭਾਰਤੀ ਚੰਗੀ ਤਰ੍ਹਾਂ ਜਾਣੂ ਹੈ। ਪਟਿਆਲੇ ਦੇ ਲੋਕਾਂ ਨੂੰ ਮੋਦੀ ਦੀ ਗਾਰੰਟੀ ‘ਤੇ ਭਰੋਸਾ ਹੈ, ਇਸੇ ਲਈ ਹਰ ਰੋਜ਼ ਸੈਂਕੜੇ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਕੇ ਭਾਜਪਾ ਨੂੰ ਆਪਣਾ ਕੀਮਤੀ ਵੋਟ ਦੇਣ ਲਈ ਤਿਆਰ ਹਨ।