ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਵਿਜੀਲੈਂਸ ਦਾ ਛਾਪਾ
ਚੰਡੀਗੜ੍ਹ, 24ਜਨਵਰੀ(ਵਿਸ਼ਵ ਵਾਰਤਾ)- ਬੀਤੇ ਦਿਨ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਅਤੇ ਸ਼ੋਅਰੂਮ ‘ਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ। ਟੀਮ ਨੇ ਵਿਧਾਇਕ ਦੀ ਨਵੀਂ ਕੋਠੀ ਅਤੇ ਸ਼ੋਅਰੂਮ ਦਾ ਮੁਲਾਂਕਣ ਕੀਤਾ। ਇਸ ਦੇ ਲਈ ਚੰਡੀਗੜ੍ਹ ਤੋਂ ਇਕ ਟੀਮ ਵਿਸ਼ੇਸ਼ ਤੌਰ ‘ਤੇ ਪਹੁੰਚੀ ਸੀ, ਵਿਜੀਲੈਂਸ ਟੀਮ ਵੱਲੋਂ ਸੰਪਤੀ ਦਾ ਜਾਇਜ਼ਾ ਲਿਆ ਅਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਵਿਧਾਇਕ ਬਰਿੰਦਰਮੀਤ ਖਿਲਾਫ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਟੀਮ ਸਵੇਰੇ 10:30 ਵਜੇ ਦੇ ਕਰੀਬ ਪਹੁੰਚੀ ਅਤੇ ਕਰੀਬ 4 ਵਜੇ ਤੱਕ ਉਨ੍ਹਾਂ ਤਿੱਬੜੀ ਰੋਡ ‘ਤੇ ਸਥਿਤ ਵਿਧਾਇਕ ਦੀ ਨਵੀਂ ਕੋਠੀ ਅਤੇ ਸ਼ੋਅਰੂਮ ਦਾ ਜਾਇਜ਼ਾ ਲਿਆ।
ਵਿਜੀਲੈਂਸ ਦੇ ਐਸਐਸਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਚੰਡੀਗੜ੍ਹ ਤੋਂ ਮੁਲਾਂਕਣ ਲਈ ਆਈ ਹੈ ਅਤੇ ਉਹ ਆਪਣੀ ਰਿਪੋਰਟ ਤਿਆਰ ਕਰਕੇ ਵਿਜੀਲੈਂਸ ਬਿਊਰੋ ਨੂੰ ਸੌਂਪੇਗੀ।























