ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੁੱਕੇ ਹਰੀਸ਼ ਰਾਵਤ ਦੇ ਕੈਪਟਨ ਦੀ ਅਗਵਾਈ ਵਿੱਚ ਚੋਣਾਂ ਲੜਨ ਵਾਲੇ ਬਿਆਨ ਤੇ ਸਵਾਲ

ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਵਿਚਾਲੇ ਦੇਹਰਾਦੂਨ ਵਿਖੇ ਹੋਈ ਕਾਂਗਰਸ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕੈਪਟਨ ਖਿਲਾਫ਼ ਬਾਗੀ ਸੁਰਾਂ ਰੱਖਣ ਵਾਲੇ ਕੁਝ ਵਿਧਾਇਕਾਂ ਤੇ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਦਿੱਤੇ ਹਰੀਸ਼ ਰਾਵਤ ਦੇ ਬਿਆਨ ਜਿਸ ਵਿੱਚ ਉਹਨਾਂ ਨੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਇਸ ਗੱਲ ਤੋਂ ਕੈਪਟਨ ਦਾ ਵਿਰੋਧੀ ਧੜਾ ਬਹੁਤ ਹੀ ਨਿਰਾਸ਼ ਦਿਖਾਈ ਦੇ ਰਿਹਾ ਹੈ।
ਜਿਸ ਦੀ ਤਾਜ਼ਾ ਉਦਾਹਰਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਹਰੀਸ਼ ਰਾਵਤ ਦੇ ਸਬੰਧਿਤ ਬਿਆਨ ਤੇ ਸਵਾਲ ਚੁੱਕਦਿਆਂ ਦਿੱਤੀ। ਉਸ ਨੇ ਕਿਹਾ ਕਿ ਚੋਣਾਂ ਕਿਸ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਇਹ ਤੈਅ ਕਰਨਾ ਕਾਂਗਰਸ ਹਾਈਕਮਾਨ ਦਾ ਕੰਮ ਹੈ। ਉਸਨੇ ਇਹ ਵੀ ਕਿਹਾ ਕਿ ਖੜਗੇ ਕਮੇਟੀ ਜਿਸ ਦੇ ਸਾਹਮਣੇ ਉਹ ਵੀ ਪੇਸ਼ ਹੋਏ ਸਨ, ਨੇ ਕਿਹਾ ਸੀ ਕਿ ਚੋਣਾਂ ਸੰਬੰਧੀ ਅੰਤਿਮ ਫੈਸਲਾ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਹੀ ਲੈਣਗੇ।






















