ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਬੀਜੀ ਜ਼ਿੰਦਗੀ, ਧਰਤੀ ਸੀਂਚੀ ਨਾਲ ਖ਼ੂਨ…………..
– ਚੰਦਰ ਪ੍ਰਕਾਸ਼
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਬੀਜੀ ਜ਼ਿੰਦਗੀ, ਧਰਤੀ ਸੀਂਚੀ ਨਾਲ ਖ਼ੂਨ
ਕੁਚਲਿਆ ਸਰੀਰ ਤੂੰ, ਪਰ ਜ਼ਿੰਦਾ ਹੈ ਸੰਘਰਸ਼
ਲੈ ਸਿਰ ਜਿੰਨੇ ਮਰਜ਼ੀ, ਹੌਂਸਲੇ ਸਾਡੇ ਛੂੰਹਦੇ ਅਰਸ਼
ਗੌਰਵ ਗਾਥਾ ਹੋਵੇਗੀ ਸਾਡੀ
ਸਾਡੀਆਂ ਸ਼ਹਾਦਤਾਂ ’ਚ ਨਾ ਕੋਈ ਊਣ
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਸਾਡੀਆਂ ਸ਼ਹਾਦਤਾਂ ਦੀ ਕਹਾਣੀ ਨਹੀਂ ਮੁੱਕਣੀ
ਜਵਾਨੀ ਭੌਂ ਦੀ ਭਿੱਜੀ ਲਹੂ ’ਚ, ਨਹੀਂ ਸੁੱਕਣੀ
ਤੋਪਾਂ ਤੇਰੀਆਂ ਅੱਗੇ ਸਾਡੀ ਧੋਣ ਨਹੀਂ ਝੁੱਕਣੀ
ਰੋਸ ਸਾਡੇ ਦੀ ਬਹਿੰਦੀ ਧਾਰਾ ਨੀਂ ਰੁੱਕਣੀ
ਸ਼ਹੀਦ ਊਧਮ, ਸਰਾਭੇ ਕਰਤਾਰ ਦੇ ਵਾਰਸ
ਵਗੇ ਸਾਡੀਆਂ ਨਾੜਾਂ ’ਚ ਉਹੀ ਖ਼ੂਨ
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਅੱਠ ਸੌ ਨਹੀਂ ਤੂੰ ਅੱਠ ਹਜ਼ਾਰ ਪੁੱਤਰ ਮਾਰ
ਮਾਰ ਧਰਤੀ ਮਾਂ ਦੇ ਪੁੱਤਰ, ਆਪਣਾ ਸੀਨਾ ਠਾਰ
ਤਾਨਾਸ਼ਾਹ ਹੈ ਤੂੰ, ਜ਼ਮੀਰ ਤੇਰੀ ਵਿਕੀ ਵਿਚ ਬਜ਼ਾਰ
ਸਿਰ ਕਲਮ ਕਰਨਾ ਬਣਿਆ ਹੈ ਤੇਰਾ ਕਾਰੋਬਾਰ
ਅੜਾਂਗੇ, ਲੜਾਂਗੇ ਮੋੜਾਂਗੇ ਮੁੱਲ ਹਿੰਦੁਸਤਾਨ ਦੇ ਲੂਣ ਦਾ
ਹੋਵੇ ਭਾਵੇਂ ਦੇਹ ਖੂਨੋ ਖ਼ੂਨ
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਲੈ ਸੱਤਾ, ਫ਼ਕੀਰ ਹੋਇਆ ਹੰਕਾਰੀ
ਦਰੜੇ ਗੱਡੀ ਹੇਠਾਂ, ਕਤਲ ਕਰੇ ਸਰਕਾਰੀ
ਛੱਡਿਆ ਰਾਜ ਧਰਮ, ਤੂੰ ਬਣਿਆ ਅੱਤਿਆਚਾਰੀ
ਰਾਜਾ ਆਪਣਿਆਂ ਤੇ ਮਾਰਦਾ ਸੱਟ ਭਾਰੀ
ਛੱਡਿਆ ਕਿਰਦਾਰ, ਕਾਰਜ ਤੇਰੇ ਬੇਮਿਆਰੀ
ਨਾ ਭੱਜਣਾ ਨਾ ਮੈਦਾਨ ਛੱਡਣਾ
ਇਹੀ ਹੈ ਕਾਮੇ ਦੀ ਜੂਨ
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਬਾਜ਼ੀ ’ਚ ਸਿਰਾ ਲਾਵਾਂਗੇ, ਨਵਾਂ ਇਤਿਹਾਸ ਬਣਾਵਾਂਗੇ
ਮੰਨਾਂਗੇ ਕਾਨੂੰਨ, ਸੱਤਾ ਨਾਲ ਮੱਥਾ ਲਾਵਾਂਗੇ
ਲਾਂਭੇ ਕਰਾਂਗੇ ਗੱਦੀਨਸ਼ੀਨ, ਤਖ਼ਤ ਦੇ ਪਾਵੇ ਹਿਲਾਵਾਂਗੇ
ਭੇਸ ਤੇਰਾ ਕਲੰਦਰ,ਮਾਸੂਮਾਂ ’ਤੇ ਚਲਾਵੇ ਖੰਜਰ
ਚਰਖੜੀਆਂ ਤੇ ਚੜਨਾ ਹੈ ਗਹਿਣਾ ਸਾਡਾ, ਕਿਸਾਨੀ ਮਜ਼ਮੂਨ
ਰੱਖਦਾ ਹੈ ਜਜ਼ਬਾ ਕੁਰਬਾਨੀ ਦਾ ਸਾਡਾ ਵੀ ਭਰੂਣ
ਸੱਤਾ ਵੇਖ ਤੂੰ ਹੁਣ ਸਾਡਾ ਜਨੂੰਨ
ਬੀਜੀ ਜ਼ਿੰਦਗੀ, ਧਰਤੀ ਸੀਂਚੀ ਨਾਲ ਖ਼ੂਨ
*******
ਚੰਦਰ ਪ੍ਰਕਾਸ਼
ਬਠਿੰਡਾ
98154-37555, 98762-15150
ਇਹ ਸਤਰਾਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮੱਰਪਿਤ ਹਨ ।
ਮੇਰੀ ਇਹ ਕਵਿਤਾ ਸੱਤਾ ਦੇ ਉਸ ਤਾਂਡਵ, ਜਿਸ ਵਿਚ ਉਸ ਨੇ ਨਿਹੱਥੇ ਅਤੇ ਬੇਕਸੂਰ ਧਰਤੀ
ਪੁੱਤਰਾਂ ਨੂੰ ਕੁਚਲ ਕੇ ਸ਼ਹੀਦ ਕਰ ਦਿੱਤਾ, ਨੂੰ ਬਿਆਨ ਕਰਦੀ ਹੈ ਅਤੇ ਦੇਸ਼ ਵਾਸੀਆਂ ਨੂੰ
ਬੇਨਤੀ ਕਰਦੀ ਹੈ ਕਿ ਕਾਨੂੰਨ ਦੇ ਜ਼ਾਬਤੇ ’ਚ ਰਹਿ ਕੇ ਜ਼ੁਲਮ ਦੀ, ਜ਼ੁਲਮ ਦੇ ਰਾਜ ਨੂੰ
ਲੋਕ ਤੰਤਰਕ ਤਰੀਕੇ ਨਾਲ ਖ਼ਤਮ ਕਰੋ।
ਔਰੰਗਜੇਬ ਦੀ ਥਾਂ ਨਾ ਕਦੇ ਹਿੰਦੁਸਤਾਨ ਵਿਚ ਸੀ ਨਾ ਹੀ ਇਹ ਕਦੇ ਹੋ ਸਕਦੀ ਹੈ ।
ਜੈ ਹਿੰਦ ਜੈ ਭਾਰਤ ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ ਭਾਰਤ ਮਾਤਾ ਦੀ ਜੈ






















