ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਪਿੰਡਾਂ ਨੂੰ ਆਉਣ ਵਾਲੇ ਮੁੱਖ ਰਸਤੇ ਕੀਤੇ ਬੰਦ
ਬਲਾਕ ਵਲਟੋਹਾ ਦੀਆਂ ਕੁੱਲ 78 ਪੰਚਾਇਤਾਂ ਵਿੱਚੋਂ 40 ਪੰਚਾਇਤਾਂ ਅਤੇ ਬਲਾਕ ਭਿੱਖੀਵਿੰਡ ਦੀਆਂ ਕੁੱਲ 92 ਪੰਚਾਇਤਾਂ ਵਿੱਚੋ 4 ਪੰਚਾਇਤਾਂ ਵੱਲੋਂ ਕੀਤਾ ਗਿਆ ਪੂਰਨ ਲਾਕਡਾਊਨ
ਪੰਚਾਇਤਾਂ ਵੱਲੋਂ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜ਼ਰੂਰੀ ਵਸਤਾਂ
ਪੇਂਡੂ ਖੇਤਰਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼ਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਇੰਨ੍ਹ-ਬਿੰਨ੍ਹ ਪਾਲਣਾ
ਤਰਨ ਤਾਰਨ, 5 ਅਪੈ੍ਰਲ ( ਵਿਸ਼ਵ ਵਾਰਤਾ)-ਕਰੋਨਾ ਵਾਇਰਸ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੇ ਲੋਕ ਕਾਫ਼ੀ ਸੁਚੇਤ ਹੋਏ ਹਨ ਅਤੇ ਇਸ ਲਈ ਉਹ ਆਪ ਚੌਕਸੀ ਰੱਖ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਲੋਕਾਂ ਨੇ ਆਪਣੇ ਆਪ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਪਿੰਡਾਂ ਨੂੰ ਆਉਣ ਵਾਲੇ ਮੁੱਖ ਰਸਤੇ ਬੰਦ ਕਰ ਦਿੱਤੇ ਹਨ।
ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਨੌਜਵਾਨ ਸਭਾਵਾਂ, ਯੂਥ ਕਲੱਬਾਂ ਨਾਲ ਸਬੰਧਿਤ ਨੌਜਵਾਨ ਆਪਣੇ-ਆਪਣੇ ਪਿੰਡਾਂ ਦੇ ਰਸਤਿਆਂ `ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਿਰਾ ਦੇ ਰਹੇ ਹਨ।ਪਿੰਡ ਦਾ ਨਾ ਕੋਈ ਵਿਅਕਤੀ ਬਾਹਰ ਜਾ ਰਿਹਾ ਹੈ ਤੇ ਨਾ ਹੀ ਕਿਸੇ ਬਾਹਰਲੇ ਵਿਅਕਤੀ ਨੂੰ ਪਿੰਡ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਇਸੇ ਦੌਰਾਨ ਹੀ ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਹੀ ਪਿੰਡ ਅੰਦਰ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ‘ਤੇ ਸਬ ਡਵੀਜ਼ਨ ਭਿਖੀਵਿੰਡ ਦੇ ਬਲਾਕ ਵਲਟੋਹਾ ਅਤੇ ਬਲਾਕ ਭਿਖੀਵਿੰਡ ਦੇ ਲੋਕਾਂ ਵੱਲੋ ਭਰਵਾਂ ਹੁੰਗਾਰਾ ਦਿੱਤਾ ਗਿਆ। ਅੱਜ ਤੱਕ ਬਲਾਕ ਵਲਟੋਹਾ ਦੀਆਂ ਕੁੱਲ 78 ਪੰਚਾਇਤਾਂ ਵਿੱਚੋ 40 ਪੰਚਾਇਤਾਂ ਅਤੇ ਬਲਾਕ ਭਿੱਖੀਵਿੰਡ ਦੀਆਂ ਕੁੱਲ 92 ਪੰਚਾਇਤਾਂ ਵਿੱਚੋ 4 ਪੰਚਾਇਤਾਂ ਵੱਲੋ ਪੂਰਨ ਲਾੱਕ-ਡਾਊਨ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਬਾਹਰਲੇ ਲੋਕਾਂ ਦੇ ਆਣ-ਜਾਣ ਤੋਂ ਰੋਕ ਲਗਾ ਦਿੱਤੀ ਗਈ ਹੈ।ਪਿੰਡਾਂ ਵਿੱਚ ਰਹ ਰਹੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਸਿਰਫ ਨਾ-ਟਾਲਣ ਯੋਗ ਕਾਰਨਾਂ ਕਰਕੇ ਹੀ ਪਿੰਡ ਦੇ ਲੋਕਾਂ ਨੂੰ ਬਾਹਰ ਜਾਣ ਦਿੱਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਜੜੋਂ ਖਤਮ ਕਰਕੇ ਇਨਸਾਨੀ ਜਾਨਾਂ ਬਚਾਈਆਂ ਜਾ ਸਕਣ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਕਰਫ਼ਿਊ ਦੌਰਾਨ ਪਿੰਡਾਂ ਵਿਚ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਪਿੰਡਾਂ ਵਿਚ ਰਹਿੰਦੇ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਮੁਹੱਈਆ ਕਰਵਾਉਣ, ਜਿਨ੍ਹਾਂ ਪੰਚਾਇਤਾਂ ਕੋਲ ਆਪਣੇ ਫੰਡ ਹਨ, ਉੁਸ ਰਕਮ ਵਿਚੋਂ ਰੋਜ਼ਾਨਾ ਖਰਚਾ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 574 ਪੰਚਾਇਤਾਂ ਵਲੋਂ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼ਾਂ ਦੀ ਲੋਕਾਂ ਵੱਲੋਂ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਜਾ ਰਹੀ ਹੈ।
————-