ਕਰਾਚੀ ‘ਚ ਪੁਲਿਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ
ਚੰਡੀਗੜ੍ਹ, 18ਫਰਵਰੀ(ਵਿਸ਼ਵ ਵਾਰਤਾ)- ਸ਼ੁੱਕਰਵਾਰ ਸ਼ਾਮ ਨੂੰ ਕੁਝ ਅੱਤਵਾਦੀ ਪਾਕਿਸਤਾਨ ਦੇ ਕਰਾਚੀ ਦੇ ਸ਼ਾਹਰਾਹ-ਏ-ਫੈਸਲ ਇਲਾਕੇ ‘ਚ ਸਥਿਤ ਪੁਲਸ ਹੈੱਡਕੁਆਰਟਰ ‘ਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਨੇ 5 ਅੱਤਵਾਦੀਆਂ ਨੂੰ ਮਾਰ ਦਿੱਤਾ। ਰਾਤ ਕਰੀਬ 11 ਵਜੇ ਮੁਕਾਬਲਾ ਖਤਮ ਹੋਇਆ। ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।ਪਾਕਿਸਤਾਨ ਦੇ ਹੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਟੀਪੀ ਪਾਕਿਸਤਾਨ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਹੈ ਜੋ ਆਪਣੀ ਹੀ ਸਰਕਾਰ ਵਿਰੁੱਧ ਲੜ ਰਿਹਾ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਹਮਲਾ ਸ਼ਾਮ 7:10 ਵਜੇ ਹੋਇਆ। ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਕਰੀਬ ਚਾਰ ਘੰਟੇ ਤੱਕ ਮੁਕਾਬਲਾ ਜਾਰੀ ਰਿਹਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਰੇਂਜਰ ਸਮੇਤ ਚਾਰ ਦੀ ਮੌਤ ਹੋ ਗਈ। 18 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਅੱਤਵਾਦੀ ਪੁਲਸ ਦੀ ਵਰਦੀ ‘ਚ ਇਮਾਰਤ ‘ਚ ਦਾਖਲ ਹੋਏ ਸਨ।