ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 412ਵਾਂ ਦਿਨ
ਕਰਤਾਰ ਸਿੰਘ ਸਰਾਭਾ ਅਤੇ ਛੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ ; ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ : ਕਿਸਾਨ ਆਗੂ
ਦੋ ਮਿੰਟ ਮੌਨ ਧਾਰ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ
ਪ੍ਰਦੂਸ਼ਨ ‘ਚ ਪਰਾਲੀ ਦਾ ਮਹਿਜ਼10 ਵਾਂ ਹਿੱਸਾ; ਸੁਪਰੀਮ ਕੋਰਟ ਦੀਆਂ ਤਾਜ਼ਾ ਸਾਰਥਕ ਟਿੱਪਣੀਆਂ ਦਾ ਸਵਾਗਤ ਕੀਤਾ; ਸਰਕਾਰ ਵੀ ਵਿਵਹਾਰਕ ਪਹੁੰਚ ਅਪਣਾਏ: ਕਿਸਾਨ ਆਗੂ
ਜ਼ਮੀਨੀ ਰਿਕਾਰਡ ਦੀ ਸ਼ੱਕੀ ਮੈਪਿੰਗ ਬਹਾਨੇ ਕਿਸਾਨਾਂ ਦੀ ਅਦਾਇਗੀ ਰੋਕਣ ਦੀ ਸਖਤ ਨਿਖੇਧੀ; ਪੇਮੈਂਟ ਤੁਰੰਤ ਰਲੀਜ਼ ਕੀਤੀ ਜਾਵੇ: ਕਿਸਾਨ ਆਗੂ
ਮੁੱਖ-ਮੰਤਰੀ ਨਾਲ 32 ਕਿਸਾਨ-ਜਥੇਬੰਦੀਆਂ ਦੀ ਮੀਟਿੰਗ ਭਲਕੇ 17 ਨਵੰਬਰ ਨੂੰ
ਚੰਡੀਗੜ੍ਹ,16 ਨਵੰਬਰ (ਵਿਸ਼ਵ ਵਰਤ):- ਸੰਯੁਕਤ ਕਿਸਾਨ ਮੋਰਚੇ-ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਲਾਏ ਪੱਕੇ-ਧਰਨੇ ਅੱਜ 412ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਅੱਜ ਦੇ ਸੰਨ 1915 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਛੇ ਸਾਥੀਆਂ ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਵਿੱਚ ਬਰਤਾਨਵੀ ਸਰਕਾਰ ਨੇ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ ਸੀ। ਗਦਰ ਪਾਰਟੀ ਦੇ ਬਾਨੀ ਸੋਹਨ ਸਿੰਘ ਭਕਨਾ ਤੋਂ ‘ਬਾਲਾ ਜਰਨੈਲ’ ਦਾ ਖਿਤਾਬ ਹਾਸਲ ਕਰਨ ਵਾਲੇ ਕਰਤਾਰ ਸਿੰਘ ਸਰਾਭਾ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਅਜ਼ੀਮ ਇਨਕਲਾਬੀ ਕਾਰਨਾਮੇ ਅੰਜਾਮ ਦਿੱਤੇ। ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੇ ਭਾਰਤ ਵਾਸੀਆਂ ਨੂੰ ਆਜਾਦੀ ਦੀ ਜਿਹੜੀ ਚਿਣਗ ਲਾਈ, ਆਖਰ ਉਸੇ ਚਿਣਗ ਨੇ ਭਾਬੜ ਦਾ ਰੂਪ ਧਾਰ ਕੇ ਅੰਗਰੇਜਾਂ ਨੂੰ ਮੁਲਕ ਛੱਡਣ ਲਈ ਮਜਬੂਰ ਕਰ ਦਿੱਤਾ। ਅੱਜ ਬੁਲਾਰਿਆਂ ਨੇ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਕਿਸਾਨ-ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਭਲਕੇ 17 ਨਵੰਬਰ ਨੂੰ ਵੀ ਸਰਾਭਾ(ਲੁਧਿਆਣਾ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਕਿਸਾਨ ਪਹੁੰਚਣਗੇ ਅਤੇ ਸ਼ਰਧਾਂਜਲੀਆਂ ਭੇਂਟ ਕਰਨਗੇ।
ਧਰਨਿਆਂ ‘ਚ ਅੱਜ ਬੁਲਾਰਿਆਂ ਨੇ ਚਿਤਾਰਿਆ ਕਿ ਸੁਪਰੀਮ ਕੋਰਟ ਨੇ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਨ ਬਾਰੇ ਇੱਕੋ ਹਫਤੇ ਦੌਰਾਨ ਦੋ ਵਾਰ ਸਾਰਥਿਕ ਟਿੱਪਣੀਆਂ ਕੀਤੀਆਂ ਹਨ। ਬੀਤੇ ਕੱਲ੍ਹ ਸੁਪਰੀਮ ਕੋਰਟ ਨੇ ਕਿਹਾ ਕਿ ਪਰਾਲੀ ਕਾਰਨ ਹੋਣ ਵਾਲਾ ਪ੍ਰਦੂਸ਼ਨ ਮਹਿਜ਼ 10 ਫੀ ਸਦੀ ਹੀ ਹੈ। ਬਾਕੀ ਸਾਰਾ ਪ੍ਰਦੂਸ਼ਨ ਸਨਅਤਾਂ, ਵਾਹਨਾਂ ਤੇ ਮਿੱਟੀ ਆਦਿ ਕਾਰਨ ਹੁੰਦਾ ਹੈ। ਸਰਕਾਰ ਨੂੰ ਉਨ੍ਹਾਂ ਦਖਸਰੇ ਕਾਰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਗੂਆਂ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਸਰਕਾਰ ਵੱਲੋਂ ਪਰਾਲੀ ਸੰਭਾਲ ਪ੍ਰਤੀ ਵਿਵਹਾਰਕ ਪਹੁੰਚ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਅੱਜ ਬੁਲਾਰਿਆਂ ਨੇ ਜ਼ਮੀਨੀ ਰਿਕਾਰਡ ਦੀ ਸ਼ੱਕੀ ਮੈਪਿੰਗ ਦਾ ਬਹਾਨਾ ਬਣਾ ਕੇ 70 ਹਜ਼ਾਰ ਕਿਸਾਨਾਂ ਦੀ ਝੋਨੇ ਦੀ ਅਦਾਇਗੀ ਰੋਕਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਆਨੀਂ-ਬਹਾਨੀਂ ਸਰਕਾਰੀ ਖਰੀਦ ਬੰਦ ਕਰਨ ਦੇ ਬਹਾਨੇ ਭਾਲਦੀ ਰਹਿੰਦੀ ਹੈ। ਰੈਡ ਐਂਟਰੀ ਵਾਲਾ ਇਹ ਨਵਾਂ ਬਹਾਨਾ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਘੜ੍ਹਿਆ ਗਿਆ ਹੈ। ਸਰਕਾਰ ਇਨ੍ਹਾਂ ਕਿਸਾਨਾਂ ਦੀ ਪੇਮੈਂਟ ਦੋ ਦਿਨ ਦੇ ਅੰਦਰ ਰਲੀਜ਼ ਕਰੇ ਵਰਨਾ ਦੋ ਦਿਨ ਬਾਅਦ ਸਬੰਧਤ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ।
ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ 17 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ 11 ਵਜੇ ਮਿਲੇਗਾ। ਮੀਟਿੰਗ ਉਪਰੰਤ ਕਿਸਾਨ-ਜਥੇਬੰਦੀਆਂ ਵੱਲੋਂ ਕਿਸਾਨ-ਭਵਨ ‘ਚ ਪ੍ਰੈੱਸ-ਕਾਨਫਰੰਸ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਦਰਜ਼ਨਾਂ ਕਿਸਾਨੀ ਮਸਲੇ ਉਭਾਰੇ ਜਾਣਗੇ।