ਕਤਲ ਅਤੇ ਯੋਨ ਸ਼ੋਸ਼ਣ ਵਰਗੇ ਮਾਮਲਿਆਂ ਵਿੱਚ ਸਜਾ ਕੱਟ ਰਹੇ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ
ਅੱਜ ਆ ਸਕਦਾ ਹੈ ਜੇਲ੍ਹ ਤੋਂ ਬਾਹਰ
ਚੰਡੀਗੜ੍ਹ 21 ਜਨਵਰੀ(ਵਿਸ਼ਵ ਵਾਰਤਾ)- ਕਤਲ ਅਤੇ ਬਾਲਾਤਕਾਰ ਵਰਗੇ ਘਿਨੌਣੇ ਮਾਮਲਿਆਂ ਵਿੱਚ ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ।ਜਾਣਕਾਰੀ ਅਨੁਸਾਰ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਪੈਰੋਲ ਕੱਟੇਗਾ। ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ ‘ਚ ਵੀ ਆਵੇਗਾ। ਇਸ ਦੇ ਨਾਲ ਹੀ ਹਨੀਪ੍ਰੀਤ ਅਤੇ ਉਸ ਦਾ ਵਕੀਲ ਵੀ ਰਾਮ ਰਹੀਮ ਦੇ ਪੈਰੋਲ ਦੇ ਕਾਗਜ਼ ਲੈ ਕੇ ਰੋਹਤਕ ਸੁਨਾਰੀਆ ਜੇਲ ਪਹੁੰਚ ਗਏ। ਜਿਕਰਯੋਗ ਹੈ ਕਿ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।ਸਾਲ 2023 ਦੇ ਪਹਿਲੇ ਮਹੀਨੇ ਹੀ ਸਰਕਾਰ ਨੇ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਪਹਿਲੀ ਵਾਰ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਅਤੇ 70 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਨੂੰ ਲੈ ਕੇ ਸਰਕਾਰ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸੀ। ਇਸ ਦੌਰਾਨ ਉਸ ਨੇ ਆਪਣੀ 40 ਦਿਨਾਂ ਦੀ ਪੈਰੋਲ ਦੌਰਾਨ ਨਸ਼ੇ ‘ਤੇ ਤਿੰਨ ਗੀਤ ਵੀ ਲਾਂਚ ਕੀਤੇ। ਉਹ ਪਹਿਲਾਂ ਵੀ ਬਰਨਾਵਾ ਆਸ਼ਰਮ ਵਿੱਚ 2 ਵਾਰ ਪੈਰੋਲ ਕੱਟ ਚੁੱਕਾ ਹੈ।























