ਕਣਕ ਦੇ ਨਾੜ ਨੂੰ ਲੱਗੀ ਅੱਗ ਲਪੇਟ ‘ਚ ਆਈ ਬੱਚਿਆਂ ਨਾਲ ਭਰੀ ਸਕੂਲ ਬੱਸ
ਦੇਖੋ ਵੀਡੀਓ
ਚੰਡੀਗੜ੍ਹ.4 ਮਈ(ਵਿਸ਼ਵ ਵਾਰਤਾ)- ਬਟਾਲਾ ਨੇੜਲੇ ਪਿੰਡ ਬਰਕੀਵਾਲ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਦੀ ਲਪੇਟ ‘ਚ ਆਉਣ ਨਾਲ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਅੱਗ ਦੀ ਲਪੇਟ ‘ਚ ਆਉਣ ਨਾਲ ਪਲਟ ਗਈ ਤੇ ਪਲਟਣ ਤੋਂ ਬਾਅਦ ਡਰਾਈਵਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੜੀ ਜੱਦੋ-ਜਹਿਦ ਨਾਲ ਬੱਸ ‘ਚ ਸਵਾਰ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ। ਦੱਸਿਆ ਜਾਂਦਾ ਹੈ ਕਿ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਭਿਆਨਕ ਅੱਗ ਦੀ ਲਪੇਟ ‘ਚ ਆਈ ਬੱਸ ਪੂਰੀ ਤਰ੍ਹਾਂ ਸੜ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਅਤੇ ਬਟਾਲਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਨਾਲ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।ਦੱਸ ਦਈਏ ਕਿ ਇਸ ਦੌਰਾਨ ਬੱਸ ਵਿੱਚ 42 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਦੇ ਮਗਰੋ ਬਾਹਰ ਕੱਢਿਆ । ਇਸ ਦੌਰਾਨ ਕਈ ਬੱਚੇ ਜਖਮੀ ਵੀ ਹੋ ਗਏ । ਜਿਹਨਾਂ ਨੂੰ ਬਟਾਲਾ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।























