ਪਿੱਛਲੇ ਪੰਜ ਦਿਨ ਵਿਚ ਚੁੱਕੀ 1.20 ਲੱਖ ਮੀਟ੍ਰਿਕ ਟਨ ਕਣਕ

ਫਾਜਿ਼ਲਕਾ, 3 ਮਈ( ਵਿਸ਼ਵ ਵਾਰਤਾ)-ਫਾਜਿ਼ਲਕਾ ਜਿ਼ਲ੍ਹੇ ਵਿਚ ਕਣਕ ਦੀ ਲਿਫਟਿੰਗ ਤੇਜੀ ਨਾਲ ਕੀਤੀ ਜਾ ਰਹੀ ਹੈ ਅਤੇ ਜਿੰਨ੍ਹੀ ਕਣਕ ਮੰਡੀਆਂ ਵਿਚ ਆ ਰਹੀ ਹੈ ਉਸਤੋਂ ਕਿਤੇ ਵਧੇਰੇ ਕਣਕ ਰੋਜਾਨਾਂ ਮੰਡੀਆਂ ਵਿਚੋਂ ਚੁੱਕੀ ਜਾ ਰਹੀ ਹੈ।
ਪੂਰੇ ਪੰਜਾਬ ਵਿੱਚ ਇਕ ਦਿਨ ਵਿੱਚ ਕਣਕ ਦੀ ਲਿਫਟਿੰਗ ਵਿੱਚ ਜਿ਼ਲ੍ਹਾ ਫਾਜਿਲਕਾ 8ਵੇਂ ਨੰਬਰ ਤੇ ਹੈ ਅਤੇ ਪ੍ਰੋਗਰੈਸਿਵ ਲਿਫਟਿੰਗ ਵਿੱਚ 10ਵੇਂ ਨੰਬਰ ਤੇ ਹੈ। ਪਿਛਲੇ ਪੰਜ ਦਿਨਾਂ ਵਿੱਚ ਜਿ਼ਲ੍ਹਾ ਫਾਜਿਲਕਾ ਵਿਖੇ 1,20,301 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ।ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਜਿ਼ਲ੍ਹਾ ਫਾਜਿਲਕਾ ਵਿੱਚ ਪੰਜਾਬ ਦੇ ਬਾਕੀ ਜਿ਼ਲਿ੍ਹਆਂ ਦੇ ਅਨੁਪਾਤ ਵਿੱਚ ਕਣਕ ਦੀ ਜਿਆਦਾ ਆਮਦ ਹੁੰਦੀ ਹੈ ਅਤੇ ਇਸ ਸਾਲ ਪਿਛਲੇ ਸਾਲਾਂ ਦੇ ਅਨੁਪਾਤ ਵਿੱਚ ਜਿਆਦਾਤਰ ਕਣਕ ਦੀ ਸਟੋਰੇਜ ਡਾਇਰੈਕਟ ਡਲੀਵਰੀ ਰਾਹੀਂ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਸਿੱਧੇ ਤੌਰ ਤੇ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੱਬੀ ਸੀਜਨ 2023—24 ਦੌਰਾਨ ਮਿਤੀ: 02—05—2023 ਤੱਕ ਵੱਖ—ਵੱਖ ਖਰੀਦ ਏਜੰਸੀਆਂ ਵੱਲੋਂ ਜਿ਼ਲ੍ਹਾ ਫਾਜਿਲਕਾ ਵਿੱਚ 6,30,731 ਐਮ.ਟੀ. ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਮਿਤੀ: 02—05—2023 ਨੂੰ 25,810 ਐਮ.ਟੀ. ਕਣਕ ਦੀ ਲਿਫਟਿੰਗ ਕੀਤੀ ਗਈ ਹੈ ਅਤੇ ਹੁਣ ਤੱਕ 3,05,216 ਐਮ.ਟੀ. ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 53 ਪ੍ਰਤੀਸ਼ਤ ਹੈ। ਪਿਛਲੇ ਸਾਲਾਂ ਵਿੱਚ ਆਮ ਤੌਰ ਤੇ ਇਕ ਦਿਨ ਦੇ ਵਿੱਚ ਵੱਧ ਤੋਂ ਵੱਧ 22,000 ਤੋਂ 23,000 ਐਮ.ਟੀ. ਦੀ ਲਿਫਟਿੰਗ ਹੁੰਦੀ ਰਹੀ ਹੈ ਜਦਕਿ ਇਸ ਸਾਲ ਤਕਰੀਬਨ 25,000 ਐਮ.ਟੀ. ਕਣਕ ਦੀ ਲਿਫਟਿੰਗ ਰੋਜਾਨਾ ਕੀਤੀ ਜਾ ਰਹੀ ਹੈ।























