ਪਟਿਆਲਾ ਵਿਖੇ ਲਿਬਰੇਸ਼ਨ ਦੀ ਰੈਲੀ ਦੌਰਾਨ ਜੁੜਿਆ ਇਕੱਠ
ਦਲਿਤ ਭਾਈਚਾਰੇ ਵਲੋਂ ਦਿੱਤੇ 10 ਅਕਤੂਬਰ ਦੇ ਬੰਦ ਦੇ ਸੱਦੇ ਦੀ ਹਿਮਾਇਤ
ਪਟਿਆਲਾ, 8 ਅਕਤੂਬਰ (ਵਿਸ਼ਵ ਵਾਰਤਾ)-ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਰਾਸ਼ਟਰਵਾਦ ਦੇ ਨਾਂ ‘ਤੇ ਦੇਸ਼ ਉਤੇ ਮੁੜ ਕੰਪਨੀ ਰਾਜ ਥੋਪ ਰਹੀ ਹੈ। ਇਸੇ ਲਈ ਉਹ ਜਿੱਥੇ ਤਿੰਨ ਨਵੇਂ ਖੇਤੀ ਕਾਨੂੰਨ ਪਾਸ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ, ਉਥੇ ਲੰਬੇ ਕੋਰੋਨਾ ਲਾਕਡਾਊਨ ਦੇ ਬਾਵਜੂਦ ਸਖ਼ਤ ਮੰਦਹਾਲੀ ਦਾ ਸਾਹਮਣਾ ਕਰ ਰਹੀਆਂ ਕਰੋੜਾਂ ਗਰੀਬ ਔਰਤਾਂ, ਮਜ਼ਦੂਰਾਂ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਕਰਜ਼ੇ ਮਾਫ਼ ਕਰਕੇ ਇੰਨਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ, ਸੰਘ ਬੀਜੇਪੀ ਦੀ ਇਹ ਸਰਕਾਰ ਉਲਟਾ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰ ਰਹੀ ਹੈ।
‘ਔਰਤ ਕਰਜ਼ਾ ਮੁਕਤੀ ਰੈਲੀ’ ਦੇ ਬੈਨਰ ਹੇਠ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਵਲੋਂ ਅੱਜ ਇਥੇ ਪੂੱਡਾ ਗਰਾਊਂਡ ਵਿਖੇ ਹਜ਼ਾਰਾਂ ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਹਾਜ਼ਰੀ ਵਾਲੀ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਉੱਘੇ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪਾਰਟੀ ਦੇ ਕੇਂਦਰੀ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਂਓ, ਪਾਰਟੀ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਅਤੇ ਔਰਤ ਕਰਜ਼ਾ ਮੁਕਤੀ ਅੰਦੋਲਨ ਦੀਆਂ ਆਗੂਆਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸੰਬੋਧਨ ਕੀਤਾ।
ਅਪਣੇ ਸੰਬੋਧਨ ਵਿੱਚ ਕਾਮਰੇਡ ਬਖ਼ਤਪੁਰ ਨੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ, ਸੂਬਿਆਂ ਦੇ ਹੱਕਾਂ ਅਧਿਕਾਰਾਂ, ਸਟੇਟ ਦੀ ਧਰਮਨਿਰਪੱਖਤਾ ਦੇ ਸੰਕਲਪ, ਜਮਹੂਰੀ ਰਾਜ ਪ੍ਰਣਾਲੀ ਸਮੇਤ ਸੰਸਦ, ਨਿਆਂ ਪਾਲਿਕਾ, ਰਿਜ਼ਰਵ ਬੈਂਕ ਤੇ ਚੋਣ ਕਮਿਸ਼ਨ ਵਰਗੀਆਂ ਤਮਾਮ ਸੰਵਿਧਾਨਕ ਸੰਸਥਾਵਾਂ ਨੂੰ ਗੰਭੀਰ ਢਾਹ ਲਾ ਰਹੀ ਹੈ, ਦੂਜੇ ਪਾਸੇ ਇਹ ਦੇਸ਼ ਦੇ ਸਾਰੇ ਕੁਦਰਤੀ ਸਰੋਤ ਅਤੇ ਸੱਤ ਦਹਾਇਆਂ ਵਿੱਚ ਜਨਤਾ ਦੇ ਪੈਸੇ ਨਾਲ ਉਸਰੇ ਸਰਕਾਰੀ ਤੇ ਪਬਲਿਕ ਸੈਕਟਰ ਦੇ ਸਾਰੇ ਅਹਿਮ ਅਦਾਰਿਆਂ ਨੂੰ ਕੁਝ ਅਜਿਹੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾ ਰਹੀ ਹੈ, ਜੋ ਖੁੱਲ੍ਹੇ ਤੇ ਗੁਪਤ ਰੂਪ ਵਿੱਚ ਮੋਦੀ ਜਾਂ ਸੰਘ-ਬੀਜੇਪੀ ਨੂੰ ਹਿੱਸਾ ਪਤੀ ਵਜੋਂ ਅਰਬਾਂ ਖਰਬਾਂ ਰੁਪਏ ਦਿੰਦੇ ਹਨ। ਬਣਦਾ ਤਾਂ ਇਹ ਸੀ ਕਿ ਕਈ ਹੋਰ ਦੇਸ਼ਾ ਦੀਆਂ ਸਰਕਾਰਾਂ ਵਾਂਗ ਭਾਰਤ ਸਰਕਾਰ ਵੀ ਕੋਰੋਨਾ ਦੀ ਰੋਕਥਾਮ ਲਈ ਲਾਗੂ ਕੀਤੇ ਲਾਕਡਾਊਨ ਦੌਰਾਨ ਗੁਜ਼ਾਰੇ ਲਈ ਦੇਸ਼ ਦੇ ਸਾਰੇ ਗਰੀਬ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਸ ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦਿੰਦੀ, ਪਰ ਇਹ ਉਲਟਾ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਉਤੇ ਹਰ ਪੱਖ ਤੋਂ ਹਮਲੇ ਕਰ ਰਹੀ ਹੈ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਂਓ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਪਣੇ ਕਰਜ਼ਾ ਮਾਫੀ ਦੇ ਚੋਣ ਵਾਦੇ ਮੁਤਾਬਕ ਔਰਤਾਂ ਸਿਰ ਚੜ੍ਹੇ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮਾਫ਼ ਕਰੇ ਅਤੇ ਸਾਰੇ ਜ਼ਿਲਿਆਂ ਦੇ ਪੁਲਿਸ ਮੁੱਖੀਆਂ ਨੂੰ ਹਿਦਾਇਤ ਕਰੇ ਕਿ ਉਹ ਕਰਜ਼ਾ ਵਸੂਲੀ ਲਈ ਘਰੀਂ ਜਾ ਕੇ ਮਜ਼ਬੂਰ ਔਰਤਾਂ ਨੂੰ ਅਪਮਾਣਤ ਤੇ ਜ਼ਲੀਲ ਵਾਲੇ ਕੰਪਨੀਆਂ ਦੇ ਅਫਸਰਾਂ ਤੇ ਏਜੰਟਾਂ ਖਿਲਾਫ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕਰਨ। ਉਨ੍ਹਾਂ ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਨ ਦੀ ਵੀ ਮੰਗ ਕੀਤੀ।
ਆਲ ਇੰਡੀਆ ਕਿਸਾਨ ਮਹਾਂਸਭਾ ਦੇ ਕੌਮੀ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਅੱਜ ਦੇਸ਼ ਭਰ ਦੇ ਕਿਸਾਨ, ਖੇਤ ਮਜ਼ਦੂਰ ਅਤੇ ਛੋਟੇ ਵਪਾਰੀਆਂ ਨੇ ਇਕਜੁੱਟ ਹੋ ਕੇ ਬੀਜੇਪੀ ਵਲੋਂ ਖੇਤੀ ਤੇ ਇਸ ਦੇ ਸਹਾਇਕ ਧੰਦਿਆਂ ਉਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਾਉਣ ਲਈ ਬਣਾਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਆਰ ਪਾਰ ਦੀ ਲੜਾਈ ਛੇੜ ਦਿੱਤੀ ਹੈ। ਜੇਕਰ ਮੋਦੀ ਸਰਕਾਰ ਸਾਜਿਸ਼ਾਂ ਤੇ ਚਲਾਕੀਆਂ ਛੱਡ ਕੇ ਇਹ ਕਾਨੂੰਨ ਰੱਦ ਨਹੀਂ ਕਰਦੀ, ਤਾਂ ਇਸ ਸਾਂਝੇ ਲੋਕ ਅੰਦੋਲਨ ਵਲੋਂ ਦੇਸ਼ ਵਿਚੋਂ ਉਸ ਦਾ ਬੋਰੀਆ ਬਿਸਤਰਾ ਸਮੇਟ ਦਿੱਤਾ ਜਾਵੇਗਾ।
ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸਮੂਹ ਇਨਕਲਾਬੀ ਤੇ ਖੱਬੇ ਪੱਖੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੌਜੂਦਾ ਵਿਸ਼ਾਲ ਸਮਾਜਿਕ ਅੰਦੋਲਨ ਦਾ ਸਿਆਸੀ ਲਾਹਾ ਖੱਟਣ ਲਈ ਮੌਕਾਤਾੜੂ ਸਰਮਾਏਦਾਰ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਨੁਮਾਇਸ਼ੀ ਕਸਰਤਾਂ ਦਾ ਪਰਦਾਫਾਸ਼ ਕਰਨ ਲਈ ਇਕਮੁੱਠ ਹੋ ਕੇ ਸਿਆਸੀ ਪਹਿਲਕਦਮੀ ਅਪਣੇ ਹੱਥ ਲੈਣ ਲਈ ਅੱਗੇ ਆਉਣ।
ਰੈਲੀ ਦੌਰਾਨ ਪਾਸ ਕੀਤੇ ਮਤਿਆਂ ਵਿੱਚ ਲਿਬਰੇਸ਼ਨ ਪਾਰਟੀ ਨੇ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਅਤੇ ਇਸ ਘਪਲੇ ਦੀ ਜੜ੍ਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਸੰਗਠਨਾਂ ਵਲੋਂ ਦਿੱਤੇ 10 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਡੱਟਵੀਂ ਹਿਮਾਇਤ ਦਾ ਵੀ ਐਲਾਨ ਕੀਤਾ ਗਿਆ।
ਇਕ ਹੋਰ ਮਤੇ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੇਂਡੂ ਗਰੀਬਾਂ ਲਈ ਰੋਜ਼ਗਾਰ ਵਿੱਚ ਵਾਧਾ ਕਰਨ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਨਾੜ ਅਤੇ ਪਰਾਲੀ ਦੀ ਸਾਂਭ ਸੰਭਾਲ ਦਾ ਕੰਮ ਮਨਰੇਗਾ ਸਕੀਮ ‘ਚ ਸ਼ਾਮਲ ਕੀਤਾ ਜਾਵੇ।
ਇਕ ਵਿਸ਼ੇਸ਼ ਮਤੇ ਵਿੱਚ ਭੀਮਾ ਕੋਰੇਗਾਓ ਝੂਠੇ ਕੇਸ ਅਤੇ ਦਿੱਲੀ ਵਿਖੇ ਬੀਜੇਪੀ ਲੀਡਰਾਂ ਵਲੋਂ ਮੁਸਲਿਮ ਭਾਈਚਾਰੇ ਖਿਲਾਫ਼ ਭੜਕਾਈ ਸਾੜਫੂਕ ਤੇ ਕਤਲੋਗਾਰਤ ਦੇ ਮਾਮਲੇ ਵਿੱਚ ਨਜ਼ਾਇਜ਼ ਤੌਰ ‘ਤੇ ਗ੍ਰਿਫਤਾਰ ਕੀਤੇ ਗਏ ਖੱਬੇ ਤੇ ਜਮਹੂਰੀ ਵਿਚਾਰਾਂ ਵਾਲੇ ਸਾਰੇ ਆਗੂਆਂ, ਬੁੱਧੀਜੀਵੀਆਂ, ਚਿੰਤਕਾਂ ਤੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ।
ਉਕਤ ਆਗੂਆਂ ਤੋਂ ਇਲਾਵਾ ਇਸ ਰੈਲੀ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੌਮੀ ਆਗੂ ਕਾ.ਜਸਬੀਰ ਕੌਰ ਨੱਤ,ਮੋਰਚਾ ਦਾ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਔਰਤ ਅੰਦੋਲਨ ਦੀਆਂ ਜ਼ਿਲ੍ਹਾ ਆਗੂਆਂ ਕੁਲਵਿੰਦਰ ਕੌਰ ਰੇਤਗੜ੍ਹ, ਪਰਮਜੀਤ ਕੌਰ ਮੁੱਦਕੀ, ਜਸਵਿੰਦਰ ਕੌਰ ਹੁਸ਼ਿਆਰਪੁਰ, ਅਨੀਤਾ ਕੌਰ ਬੱਸੀ ਪਠਾਣਾਂ, ਪਰਮਜੀਤ ਕੌਰ ਫਰੀਦਕੋਟ, ਰਾਣੀ ਕੌਰ ਕੁੱਬੇ, ਸੁਖਵਿੰਦਰ ਕੌਰ ਤਪਾ, ਮਜ਼ਦੂਰ ਮੁਕਤੀ ਘੁਮੰਡ ਸਿੰਘ ਖਾਲਸਾ ਉਗਰਾਹਾਂ, ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵਿੰਦਰ ਸਿੰਘ ਅਲਖ ਅਤੇ ਪ੍ਰਮੁੱਖ
ਕਿਸਾਨ ਆਗੂਆਂ ਗੋਰਾ ਸਿੰਘ ਭੈਣੀ, ਬਲਬੀਰ ਸਿੰਘ ਰੰਧਾਵਾ ਗੁਰਦਾਸਪੁਰ,ਹਰਭਗਵਾਨ ਭੀਖੀ, ਬਲਕਰਨ ਮੋਗਾ ਤੇ ਗੁਰਨਾਮ ਸਿੰਘ ਭੀਖੀ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਪਾਰਟੀ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਚਲਾਈ। ਇਸ ਮੌਕੇ ਲਿਬਰੇਸ਼ਨ ਪਾਰਟੀ, ਪੰਜਾਬ ਕਿਸਾਨ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸਮੁੱਚੀ ਸੂਬਾ ਲੀਡਰਸ਼ਿਪ ਸਟੇਜ ਉਤੇ ਹਾਜ਼ਰ ਸੀ।