ਓਲਡ ਅੰਬਾਲਾ-ਗਾਜੀਪੁਰ ਸੜਕ ਦਾ ਮਾਲਿਕ ਕੌਣ?
ਕੌਂਸਲ ਦੇ ਪਲਾਨ ‘ਚ ਸ਼ਾਮਿਲ ਨਹੀਂ, ਪੀਡਬਲਿਯੂ ਨੇ ਕਿਹਾ ਸਾਡੀ ਜਿੰਮੇਦਾਰੀ ਨਹੀਂ
ਰੋਜਾਨਾ ਹਜ਼ਾਰਾਂ ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ
ਜ਼ੀਰਕਪੁਰ 13 ਦਸੰਬਰ (ਸਤੀਸ਼ ਕੁਮਾਰ ਪੱਪੀ)- ਜ਼ੀਰਕਪੁਰ ‘ਚ ਓਲਡ ਅੰਬਾਲਾ ਗਾਜ਼ੀਪੁਰ ਸੜਕ ਦਾ ਮਾਲਿਕ ਕੌਣ ਹੈ। ਇਸ ਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ। ਗਨੀਮਤ ਇਹ ਹੈ ਕਿ ਹਾਲੇ ਤੱਕ ਇਸ ਸੜਕ ‘ਤੇ ਕਿਸੇ ਬਿਲਡਰ ਦੀ ਨਜ਼ਰ ਨਹੀਂ ਪਈ, ਨਹੀਂ ਹੁਣ ਤੱਕ ਇਸ ਸੜਕ ਦੇ ਵਿਚਾਲੇ ਹੀ ਫਲੈਟ ਜਾਂ ਸ਼ੋਰੂਮ ਦਾ ਨਿਰਮਾਣ ਹੋ ਜਾਣਾ ਸੀ। ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਆਉਣ-ਜਾਣ ਦਾ ਰਸਤਾ ਬਣੀ ਇਸ ਸੜਕ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਚੌਧਰੀ ਨੇ ਦੱਸਿਆ ਕਿ ਨਗਰ ਕੌਂਸਲ, ਪੀਰਮੁਛੱਲਾ, ਢਕੋਲੀ, ਕਿਸ਼ਨਪੁਰਾ ਦੇ ਇਲਾਵਾ ਪੁਲਿਸ ਸਟੇਸ਼ਨ ਜਾਣ ਵਾਲੇ ਲੋਕ ਇਸੇ ਸੜਕ ਤੋਂ ਲੰਘਦੇ ਹਨ।
ਉਨਾਂ ਦੱਸਿਆ ਕਿ ਪੀ ਡਬਲਿਯੂ ਡੀ ਵਿਭਾਗ ਇਹ ਸੜਕ ਨਗਰ ਕੌਂਸਲ ਨੂੰ ਸੌਂਪ ਚੁੱਕਿਆ ਹੈ ਜਦੋਕਿ ਕੌਂਸਲ ਨੇ ਪਿਛਲੇ ਤਿੰਨ ਸਾਲ ਤੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਹੈ। ਸੁਖਦੇਵ ਚੌਧਰੀ ਦੇ ਅਨੁਸਾਰ ਉਨਾਂ ਲੋਕਾਂ ਦੀ ਮੰਗ ‘ਤੇ ਕੌਂਸਲ ਦੇ ਸੰਬੰਧਿਤ ਵਿੰਗ ਨਾਲ ਜਦ ਇਸ ਬਾਰੇ ਪਤਾ ਕੀਤਾ ਤਾਂ ਕੋਈ ਰਿਕਾਰਡ ਉਪਲਬਧ ਨਹੀਂ ਸੀ।
ਉਨਾਂ ਦੱਸਿਆ ਕਿ ਸੜਕ ‘ਤੇ ਕਈ ਫੁੱਟ ਗਹਿਰੇ ਖੱਡੇ ਪੈ ਚੁੱਕੇ ਹਨ। ਸੜਕ ਟੁੱਟੀ ਹੋਣ ਦੇ ਕਾਰਨ ਲੋਕਾਂ ਨੂੰ ਲੰਘਣ ‘ਚ ਬਹੁਤ ਮੁਸ਼ਕਿਲ ਆਉਂਦੀ ਹੈ। ਚੌਧਰੀ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਬਿਲਡਰ ਸੜਕ ‘ਤੇ ਕੁਝ ਬਣਾਉਣ ਕੌਂਸਲ ਇਸਦੀ ਮੁਰੰਮਤ ਕਰਵਾਵੇ।
ਬਾਕਸ—-
ਦਿਨ ਛਿਪਦੇ ਹੀ ਹੋ ਜਾਂਦਾ ਹੈ ਹਨੇਰਾ
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਗਾਜੀਪੁਰ ਮਾਰਗ ‘ਤੇ ਕਿਤੇ ਵੀ ਸਟਰੀਟ ਲਾਈਟ ਦਾ ਪ੍ਰਬੰਧ ਨਹੀਂ ਹੈ। ਦਿਨ ਛਿਪਦੇ ਹੀ ਪੂਰਾ ਖੇਤਰ ਹਨੇਰੇ ‘ਚ ਡੁੱਬ ਜਾਂਦਾ ਹੈ। ਸਭਤੋਂ ਵੱਧ ਮੁਸ਼ਕਿਲ ਦੋਪਹੀਆ ਵਾਹਨ ਚਾਲਕਾਂ ਨੂੰ ਆਉਂਦੀ ਹੈ। ਕੌਂਸਲ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।