ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖਕੇ ਕੀਤੀ ਮੰਗ*

ਚੰਡੀਗੜ੍ਹ, 10 ਜਨਵਰੀ 2022( ਵਿਸ਼ਵ ਵਾਰਤਾ )-: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਅਤੇ ਬੁਲਾਰੇ ਸ: ਮਨਜੀਤ ਸਿੰਘ ਭੋਮਾ ਨੇ ਭਾਰਤੀ ਚੋਣ ਕਮਿ਼ਸਨ ਨੂੰ ਇੱਕ ਪੱਤਰ ਲਿਖਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਦਲ ਦਲ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਕਿਸੇ ਵੀ ਕਿਸਮ ਦਾ ਫੰਡ ਜਾਰੀ ਨਾ ਕਰਨ ਅਤੇ ਰਾਜਨੀਤਕ ਪ੍ਰਚਾਰ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ।
ਸ: ਮਨਜੀਤ ਸਿੰਘ ਭੋਮਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਬਾਦਲ ਦਲ ਵੱਲੋਂ ਬੀਤੀ 2 ਜਨਵਰੀ ਨੂੰ ਪੰਥਕ ਰੋਸ ਦਿਵਸ ਵਜੋਂ ਸ਼੍ਰੀ ਮੰਜੀ ਸਾਹਿਬ ਕੰਪਲੈਕਸ, ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿੰਤਸਰ ਸਾਹਿਬ ਵਿਖੇ ਇੱਕ ਪੰਥਕ ਇਕੱਠ ਕੀਤਾ ਗਿਆ ਸੀ। ਜਿਸ ਵਿੱਚ ਬਾਦਲ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਹੋਰ ਵੱਡੇ ਲੀਡਰ ਮੌਜੂਦ ਸਨ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਕੌਮ ਨੂੰ ਇਹ ਕਹਿ ਕੇ ਅਪੀਲ ਕੀਤੀ ਗਈ ਕਿ ਐੱਸਜੀਪੀਸੀ ਅਤੇ ਅਕਾਲੀ ਦਲ ਬਾਦਲ ਨੂੰ ਸਿਆਸੀ ਤਾਕਤਾਂ ਵੱਲੋਂ ਕਮਜ਼ੋਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਤਾਕਤਾਂ ਦੇ ਟਾਕਰੇ ਲਈ ਇਕ ਮੰਚ `ਤੇ ਇਕੱਠੇ ਹੋਣ ਦੀ ਲੋੜ ਹੈ।
ਸ: ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਐੱਸਜੀਪੀਸੀ ਪੰਥ ਦੀ ਇੱਕ ਸਿਰਮੋਰ ਸੰਸਥਾ ਹੈ। ਜਿਸਦਾ ਮੁੱਖ ਕੰਮ ਉਦੇਸ਼ ਗੁਰਦੁਆਰਾ ਸਾਹਿਬਾਨ `ਤੇ ਕੰਟਰੋਲ ਅਤੇ ਦੇਖਭਾਲ ਕਰਨਾ ਹੈ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਇੱਕ ਸਿਆਸੀ ਪਾਰਟੀ ਹੈ ਅਜਿਹੇ ਵਿੱਚ ਐੱਸਜੀਪੀਸੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ ਬਾਦਲ ਦਾ ਪ੍ਰਚਾਰ ਅਤੇ ਸਿੱਖ ਕੌਮ ਨੂੰ ਬਾਦਲ ਦਲ ਦੀ ਹਮਾਇਤ ਕਰਨ ਸਬੰਧੀ ਕੀਤੀ ਗਈ ਅਪੀਲ ਬਿਲਕੁਲ ਵੀ ਜਾਇਜ਼ ਨਹੀ ਹੈ। ਸ: ਮਨਜੀਤ ਸਿੰਘ ਭੋਮਾ ਨੇ ਕਿਹਾ ਕਿ 14 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਬਾਦਲ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ। ਇਸ ਲਈ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਾਦਲ ਦਲ ਦੀ ਹਮਾਇਤ ਕਰਨ ਅਤੇ ਕਿਸੇ ਵੀ ਪਾਰਟੀ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਗੁਰਦੁਆਰਾ ਸਾਹਿਬਾਨ ਵਿੱਚ ਲੰਗਰ ਆਦਿ ਦੀ ਵਿਵਸਥਾ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਚੋਣ ਕਮਿਸ਼ਨ ਕੋਲੋਂ ਇਹ ਵੀ ਮੰਗ ਕੀਤੀ ਕਿ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ `ਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਭਾਸ਼ਣ ਆਦਿ ਦੇਣ `ਤੇ ਵੀ ਰੋਕ ਲਗਾਈ ਜਾਵੇ।






















