• ਬਿਜ਼ਨਸ ਫਸਟ ਪੋਰਟਲ `ਤੇ ਅਪਲਾਈ ਕਰਨ ਤੋਂ ਬਾਅਦ 6 ਦਿਨਾਂ ਦੇ ਰਿਕਾਰਡ ਸਮੇਂ ਅੰਦਰ ਮਿਲੀ ਪ੍ਰਵਾਨਗੀ
ਐਸ.ਏ.ਐਸ. ਨਗਰ, 11 ਦਸੰਬਰ(ਸਤੀਸ਼ ਕੁਮਾਰ ਪੱਪੀ)-ਮੈਸਰਜ਼ ਅਗਮ ਇੰਜੀਨੀਅਰਜ਼ ਦੇ ਮਾਲਕ ਜਗਜੀਤ ਧੀਮਾਨ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਸਬੰਧੀ ਸਰਟੀਫਿਕੇਟ ਦਿੱਤਾ ਗਿਆ ਹੈ ਅਤੇ ਉਸਨੂੰ ਇਹ ਸਰਟੀਫਿਕੇਟ ‘ਬਿਜ਼ਨਸ ਫਸਟ ਪੋਰਟਲ’ `ਤੇ ਬਿਨੈ ਕਰਨ ਦੇ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮਿਲਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜੀ), ਮੁਹਾਲੀ ਆਸ਼ਿਕਾ ਜੈਨ (ਆਈ.ਏ.ਐੱਸ.) ਵੱਲੋਂ ਅੱਜ ਐਸ.ਏ.ਐਸ.ਨਗਰ ਵਿਖੇ ਬਾਇਲਰ ਸਪੇਅਰ ਪਾਰਟਸ ਅਤੇ ਹੋਰ ਉਦਯੋਗਿਕ ਢਾਂਚੇ ਦੀ ਸਥਾਪਨਾ ਲਈ ਸ੍ਰੀ ਜਗਜੀਤ ਧੀਮਾਨ ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ ਸਿਧਾਂਤਕ ਪ੍ਰਵਾਨਗੀ ਸਬੰਧੀ ਸਰਟੀਫਿਕੇਟ ਜਾਰੀ ਕੀਤਾ ਗਿਆ। .
ਐਕਟ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਦੇ ਤਹਿਤ ਨਵਾਂ ਕਾਰੋਬਾਰ ਸਥਾਪਤ ਕਰਨ ਨਾਲ ਸਬੰਧਤ ਸਾਰੀਆਂ ਐਨਓਸੀਜ਼, ‘ਬਿਜ਼ਨਸ ਫਸਟ ਪੋਰਟਲ’ `ਤੇ ਐਪਲੀਕੇਸ਼ਨ ਜਮ੍ਹਾਂ ਕਰਨ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਸੂਬੇ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਇਹ ਨਵੀਂ ਪਹਿਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੈਸਰਜ਼ ਅਗਮ ਇੰਜੀਨੀਅਰਜ਼ ਦਾ ਮਾਲਕ ਜਗਜੀਤ ਧੀਮਾਨ ਮੁਹਾਲੀ ਜ਼ਿਲ੍ਹੇ ਦਾ ਦੂਜਾ ਉੱਦਮੀ ਬਣ ਗਿਆ ਹੈ ਜਿਸ ਨੂੰ ਆਨਲਾਈਨ ਬਿਨੈ ਕਰਨ ਦੇ ਕੁਝ ਦਿਨਾਂ ਅੰਦਰ ਸਾਰੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ। ਗੌਰਤਲਬ ਹੈ ਕਿ ਸ਼ਮਸ਼ੇਰ ਸਿੰਘ ਸੰਧੂ ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ` ਸਿਧਾਂਤਕ ਪ੍ਰਵਾਨਗੀ ਸਬੰਧੀ ਸਰਟੀਫ਼ਿਕੇਟ ਪ੍ਰਾਪਤ ਕਰਨ ਵਾਲਾ ਜ਼ਿਲ੍ਹੇ ਦਾ ਪਹਿਲਾ ਉੱਦਮੀ ਸੀ ਜਿਸ ਨੂੰ 10 ਦਿਨਾਂ ਦੇ ਅੰਦਰ ਐਨ.ਓ.ਸੀਜ਼ ਮਿਲਿਆਂ।
ਸਿਧਾਂਤਕ ਪ੍ਰਵਾਨਗੀ ਸਬੰਧੀ ਸਰਟੀਫ਼ਿਕੇਟ ਪਾ੍ਰਪਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦਾ ਧੰਨਵਾਦ ਕਰਦਿਆਂ ਜਗਜੀਤ ਧੀਮਾਨ ਨੇ ਕਿਹਾ, “ਇਹ ਸੱਚਮੁੱਚ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ! ਸਾਰੇ ਉੱਦਮੀ ਇਹੀ ਉਮੀਦ ਕਰਦੇ ਹਨ ਕਿ ਅਰਜ਼ੀ ਜਮ੍ਹਾ ਕਰਵਾਉਣ ਦੇ ਕੁਝ ਦਿਨਾਂ ਦੇ ਅੰਦਰ ਬਿਨਾਂ ਬੇਲੋੜੀ ਦੇਰ ਤੋਂ ਸਾਰੀਆਂ ਪ੍ਰਵਾਨਗੀਆਂ ਮਿਲ ਜਾਣ”
ਜ਼ਿਲ੍ਹੇ ਵਿਚਲੇ ਉੱਦਮੀਆਂ ਦੀਆਂ ਭਾਵਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਦੀ ਇਸ ਪਹਿਲਕਦਮੀ ਦੇ ਨਾਲ ਨਾਲ ਉਸਾਰੂ ਨੀਤੀਆਂ ਅਤੇ ਨਵੇਂ ਉੱਦਮੀਆਂ ਲਈ ਰਿਆਇਤਾਂ ਨਾਲ ਸੂਬੇ ਵਿੱਚ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਜਗਜੀਤ ਧੀਮਾਨ ਨੇ ਕਿਹਾ ਕਿ ਸੂਬੇ ਵਿਚ ਅਜਿਹਾ ਉਦਯੋਗ ਪੱਖੀ ਮਾਹੌਲ ਪੰਜਾਬ ਵਿਚ ਉਦਯੋਗਿਕ ਕ੍ਰਾਂਤੀ ਦਾ ਸੰਕੇਤ ਹੈ।