ਐਲੋਪੈਥੀ ਬਾਰੇ ਟਿੱਪਣੀ ਕਰਨ ਦਾ ਮਾਮਲਾ
ਸੁਪਰੀਮ ਕੋਰਟ ਦੀ ਰਾਮਦੇਵ ਨੂੰ ਦੋ ਟੁੱਕ
“ਐਲੋਪੈਥੀ ਅਤੇ ਡਾਕਟਰਾਂ ਨੂੰ ਜੋ ਕਿਹਾ, ਉਸ ਨੂੰ ਅਦਾਲਤ ਵਿੱਚ ਕਰਨ ਦਾਇਰ”

ਚੰਡੀਗੜ੍ਹ, 30ਜੂਨ(ਵਿਸ਼ਵ ਵਾਰਤਾ)- ਐਲੋਪੈਥੀ ਬਾਰੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਕਿਹਾ ਹੈ ਕਿ ਜੋ ਵੀ ਉਨ੍ਹਾਂ ਨੇ ਐਲੋਪੈਥੀ ਅਤੇ ਡਾਕਟਰਾਂ ਲਈ ਕਿਹਾ ਸੀ ਉਹ ਉਸ ਨੂੰ ਅਦਾਲਤ ਵਿੱਚ ਦਾਇਰ ਕਰਨ। ਹੁਣ ਇਸ ਮਾਮਲੇ ਵਿੱਚ ਅਗਲੇ ਹਫਤੇ ਸੁਣਵਾਈ ਹੋਵੇਗੀ। ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਕੋਲ ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਵਾਮੀ ਰਾਮਦੇਵ ਇੱਕ ਜਨਤਕ ਸ਼ਖਸੀਅਤ ਹਨ। ਰਾਮਦੇਵ ਨੇ ਡਾਕਟਰਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਯੋਗ ਗੁਰੂ ਰਾਮਦੇਵ ਨੇ ਐਲੋਪੈਥੀ ਬਾਰੇ ਆਪਣੀ ਟਿੱਪਣੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਜ ਐਫ.ਆਈ.ਆਰ ਵਿਰੁੱਧ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ। ਰਾਮਦੇਵ ਨੇ ਰਿੱਟ ਪਟੀਸ਼ਨ ਦਾਇਰ ਕਰਕੇ ਆਪਣੇ ਖਿਲਾਫ ਦਰਜ ਕੀਤੇ ਕੇਸਾਂ ਨੂੰ ਚੁਣੌਤੀ ਦਿੱਤੀ ਹੈ। ਰਾਮਦੇਵ ਨੇ ਕਿਹਾ ਹੈ ਕਿ ਇੱਕੋ ਜਿਹੇ ਮਾਮਲੇ ਲਈ ਕਈ ਕੇਸ ਦਰਜ ਨਹੀਂ ਕੀਤੇ ਜਾ ਸਕਦੇ । ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਪਟਨਾ ਅਤੇ ਰਾਏਪੁਰ ਵਿੱਚ ਦਰਜ ਕੇਸਾਂ ਨੂੰ ਜੋੜ ਕੇ ਸੁਣਵਾਈ ਲਈ ਦਿੱਲੀ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਪਟਨਾ ਅਤੇ ਰਾਏਪੁਰ ਵਿੱਚ ਦਰਜ ਐਫ.ਆਈ.ਆਰ ਉੱਤੇ ਕਾਰਵਾਈ ਬੰਦ ਕੀਤੀ ਜਾਣੀ ਚਾਹੀਦੀ ਹੈ।
ਕੁਝ ਸਮੇਂ ਪਹਿਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਡਾਕਟਰਾਂ ਨੇ ਕੋਰੋਨਾ ਦੇ ਇਲਾਜ ਵਿੱਚ ਐਲੋਪੈਥੀ ਡਾਕਟਰਾਂ ਬਾਰੇ ਸਵਾਮੀ ਰਾਮਦੇਵ ਦੇ ਬਿਆਨ ਵਾਇਰਲ ਹੋਣ ਤੋਂ ਬਾਅਦ ਸਖਤ ਪ੍ਰਤੀਕ੍ਰਿਆ ਦਿੱਤੀ ਸੀ। ਜਿਸ ਤੋਂ ਬਾਅਦ ਆਈ.ਐਮ.ਏ ਦੀਆਂ ਪਟਨਾ ਅਤੇ ਰਾਏਪੁਰ ਇਕਾਈਆਂ ਨੇ ਵੀ ਸਵਾਮੀ ਰਾਮਦੇਵ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਸੀ।























