ਐਡਵੋਕੇਟ ਜਨਰਲ ਦਿਓਲ ਦਾ ਸਿੱਧੂ ਨੂੰ ਮੋੜਵਾਂ ਜਵਾਬ
ਆਪਣੇ ਸਿਆਸੀ ਫਾਇਦੇ ਲਈ ਆਪਣੀ ਹੀ ਸਰਕਾਰ ਦਾ ਨੁਕਸਾਨ ਕਰ ਰਹੇ ਨੇ ਸਿੱਧੂ
ਨਸ਼ੇ ਅਤੇ ਬੇਅਦਬੀ ਮਾਮਲਿਆਂ ਵਿੱਚ ਰੋੜੇ ਅਟਕਾ ਰਹੇ ਨੇ ਕਾਂਗਰਸ ਪ੍ਰਧਾਨ
ਚੰਡੀਗੜ੍ਹ, 6ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਆਪਣੀ ਹੀ ਸਰਕਾਰ ਦਾ ਨੁਕਸਾਨ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਸਰਕਾਰ ਅਤੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਕੰਮਕਾਜ ਵਿੱਚ ਰੁਕਾਵਟਾਂ ਪਾ ਰਹੇ ਹਨ। ਉਸ ਦੇ ਬਿਆਨ “ਡਰੱਗ ਰੈਕੇਟ ਨਾਲ ਜੁੜੇ ਮਾਮਲੇ” ਅਤੇ “ਬੇਅਦਬੀ ਦੇ ਕੇਸਾਂ” ਵਿੱਚ ਨਿਆਂ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੇ ਯਤਨਾਂ ਨੂੰ ਪਟੜੀ ਤੋਂ ਉਤਾਰਨ ਦਾ ਕੰਮ ਕਰ ਰਹੇ ਹਨ। ਸਿੱਧੂ ਆਪਣੇ ਸਿਆਸੀ ਸਾਥੀਆਂ ‘ਤੇ ਸਿਆਸੀ ਲਾਹਾ ਲੈਣ ਲਈ ਗਲਤ ਜਾਣਕਾਰੀ ਫੈਲਾ ਰਹੇ ਹਨ।ਉਹਨਾਂ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਸੰਵਿਧਾਨਕ ਦਫ਼ਤਰ ਦਾ ਸਿਆਸੀਕਰਨ ਕਰਕੇ ਆਪਣੇ ਸੁਆਰਥੀ ਸਿਆਸੀ ਲਾਹੇ ਲਈ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੀ ਕਾਰਜਪ੍ਰਣਾਲੀ ਨੂੰ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਏਪੀਐਸ ਦਿਓਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਪਰ ਉਹਨਾਂ ਨੂੰ ਅਗਲੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੱਕ ਏਜੀ ਵਜੋਂ ਕੰਮ ਕਰਨ ਦੇ ਨਿਰਦੇਸ਼ ਮਿਲੇ ਹਨ।























