ਐਕਸਾਈਜ਼ ਵਿਭਾਗ ਦਾ ਪੁਲਸ ਦੇ ਨਾਲ ਮਿਲ ਕੇ ਸਤਲੁਜ ਦਰਿਆ ਦੇ ਏਰੀਆ ਵਿਚ ਵੱਡਾ ਰੇਡ , 72 ਹਜ਼ਾਰ ਲਿਟਰ ਲਾਹਣ ਅਤੇ 6750 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ

ਫ਼ਿਰੋਜ਼ਪੁਰ 30 ਜੁਲਾਈ : ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਅਤੇ ਫਿਰੋਜ਼ਪੁਰ ਦੀ ਪੁਲਸ ਦੀ ਟੀਮ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਅਲੀ ਕੇ , ਹਬੀਬ ਕੇ ,ਨਿਹੰਗਾਂ ਵਾਲੇ ਝੁੱਗੇ ,ਚਾਂਦੀਵਾਲਾ ਆਦਿ ਵਿਚ ਐਕਸਾਈਜ਼ ਇੰਸਪੈਕਟਰ ਗੁਰਬਖ਼ਸ ਸਿੰਘ ਸਰਕਲ ਜ਼ੀਰਾ ਦੀ ਅਗਵਾਈ ਹੇਠ ਰੇਡ ਕੀਤਾ ਗਿਆ l ਇਸ ਰੇਡ ਦੌਰਾਨ 72 ਹਜ਼ਾਰ ਲਿਟਰ ਲਾਹਣ , 6750 ਬੋਤਲ ਨਾਜਾਇਜ਼ ਸ਼ਰਾਬ, 36 ਤਰਪਾਲਾਂ , 22 ਰਬੜ ਦੀਆਂ ਟਿਊਬਾਂ, 3 ਡਰੰਮ ਅਤੇ 4 ਐਲੂਮੀਨੀਅਮ ਦੇ ਬਰਤਨ ਬਰਾਮਦ ਹੋਏ ਹਨ l ਇਹ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ ਵਿਰਕ ਐਕਸਾਈਜ਼ ਅਧਿਕਾਰੀ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਹ ਰੇਡ ਕੀਤਾ ਗਿਆ ਸੀ ਅਤੇ ਵਿਭਾਗ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਵਿੱਚ ਕੁਝ ਲੋਕ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦੇ ਹਨl ਉਨ੍ਹਾਂ ਦੱਸਿਆ ਕਿ ਫੜੀ ਗਈ ਲਾਹਣ ਨੂੰ ਉੱਥੇ ਹੀ ਨਸ਼ਟ ਕਰ ਦਿੱਤਾ ਗਿਆ ਹੈ lਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਐਕਸਾਈਜ਼ ਵਿਭਾਗ ਦੀ ਟੀਮ ਨੂੰ ਦੇਖ ਕੇ ਉਥੋਂ ਫਰਾਰ ਹੋ ਗਏ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈl






















