ਏ ਡੀ ਸੀ ਵੱਲੋਂ ਵਿਭਾਗਾਂ ਨੂੰ ਜ਼ਿਲ੍ਹੇ ਦੇ ਨਿੱਜੀ ਅਦਾਰਿਆਂ ’ਚ ਲੋੜੀਂਦੀ ਮਾਨਵੀ ਸ਼ਕਤੀ ਦੀਆਂ ਸੂਚੀਆਂ 5 ਮਈ ਤੱਕ ਮੁਹੱਈਆ ਕਰਵਾਉਣ ਦੇ ਆਦੇਸ਼
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੰਗ ਅਨੁਸਾਰ ਹੁਨਰੀ ਕਮਰਮਚਾਰੀ ਮੁਹੱਈਆ ਕਰਵਾਏਗਾ
ਨਵਾਂਸ਼ਹਿਰ, 28 ਅਪਰੈਲ, 2023 (ਵਿਸ਼ਵ ਵਾਰਤਾ):- ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰਾਜੀਵ ਵਰਮਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸੈਕਟਰਾਂ ਜਿਵੇਂ ਮੈਨੂੰਫੈਕਚਰਿੰਗ (ਨਿਰਮਾਣ ਇਕਾਈਆਂ) , ਸਰਵਿਸ (ਬੈਂਕਿੰਗ ਆਦਿ), ਖੇਤੀਬਾੜੀ ਅਤੇ ਅਨ-ਆਰਗੋਨਾਈਜ਼ਡ (ਗੈਰ-ਸੰਗਠਿਤ) ਖੇਤਰ ਵਿੱਚ ਸੰਭਾਵਿਤ ਮੈਨਪਾਵਰ (ਮਾਨਵੀ ਸ਼ਕਤੀ) ਦੀ ਮੰਗ ਅਤੇ ਲੋੜੀਂਦੇ ਹੁਨਰ ਨੂੰ ਪਛਾਨਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧੀਨ ਆਉਂਦੀਆਂ ਵੱਖ-ਵੱਖ ਸਨਅਤਾਂ, ਵਪਾਰਕ ਇਕਾਈਆਂ, ਨਿੱਜੀ ਹਸਪਤਾਲਾਂ ਅਤੇ ਹੋਰ ਸਬੰਧਤ ਖੇਤਰਾਂ ਤੋਂ ਅਸਾਮੀਆਂ ਇਕੱਤਰ ਕਰਨ ਅਤੇ ‘ਹੁਨਰ ਗੈਪ’ ਦੀ ਘਾਟ ਨੂੰ ਜਾਣਨ ਲਈ ਸਬੰਧਤ ਖੇਤਰ ਦੀਆਂ ਇਕਾਈਆਂ ਨਾਲ ਰਾਬਤਾ ਕਾਇਮ ਕਰਨ ਅਤੇ ਪੰਜ ਮਈ ਤੱਕ ਲੋੜੀਂਦੀ ਜਾਣਕਾਰੀ ਡੀ ਬੀ ਈ ਈ ਤੱਕ ਪੁੱਜਦੀ ਕਰਨ ਲਈ ਆਖਿਆ।
ਉਨ੍ਹਾਂ ਵੱਲੋਂ ਇਸ ਕੰਮ ਨੂੰ ਤੈਅ ਸਮੇਂ ’ਚ ਨੇਪਰੇ ਚਾੜ੍ਹਨ ਲਈ ਕਿਹਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਦੇ ਅਧੀਨ ਆਉਂਦੇ ਅਦਾਰਿਆਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਭਰਤੀ ਦੀ ਅਗੇਤੀ ਸੂਚਨਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਦੇਣੀ ਯਕੀਨੀ ਬਣਾਉਣ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨੌਕਰੀਆਂ ਮੁਹੱਈਆਂ ਕਰਵਾਈਆਂ ਜਾ ਸਕਣ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਜੀਵ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਹਰਵਿੰਦਰ ਲਾਲ, ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਸਹਿਜਲ, ਈ.ਟੀ.ੳ. ਰਾਜ ਕੁਮਾਰ, ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਨੇਹਾ ਸਹੋਤਾ, ਪਲੇਸਮੈਂਟ ਅਫਸਰ ਸ਼੍ਰੀ ਅਮਿਤ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।