ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਇੰਜਣ ‘ਚ ਲੱਗੀ ਅੱਗ, ਐਮਰਜੈਂਸੀ ਲੈਂਡਿੰਗ
ਚੰਡੀਗੜ੍ਹ 3 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਅਬੂ ਧਾਬੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਆਬੂ ਧਾਬੀ ਤੋਂ ਕਾਲੀਕਟ ਆ ਰਹੀ ਸੀ। ਏਅਰ ਇੰਡੀਆ ਐਕਸਪ੍ਰੈਸ ਮੁਤਾਬਕ ਸਾਰੇ 184 ਯਾਤਰੀ ਸੁਰੱਖਿਅਤ ਹਨ।
ਡੀਜੀਸੀਏ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਬੀ737-800 ਏਅਰਕ੍ਰਾਫਟ ਜੋ ਫਲਾਈਟ ਨੰਬਰ IX 348 ਵਜੋਂ ਕੰਮ ਕਰ ਰਿਹਾ ਸੀ, ਉਸ ਦੇ ਇੰਜਣ ਨੰਬਰ 1 ਵਿੱਚ ਅੱਗ ਲੱਗਣ ਕਾਰਨ ਵਾਪਸ ਮੋੜ ਦਿੱਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ VT-AYC ਨੰਬਰ ਨਾਲ ਰਜਿਸਟਰਡ ਜਹਾਜ਼ ਅੱਗ ਲੱਗਣ ਸਮੇਂ 1000 ਫੁੱਟ ਦੀ ਉਚਾਈ ‘ਤੇ ਸੀ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ ਕੇਰਲ ਦੇ ਕਾਲੀਕਟ ਲਈ ਉਡਾਣ ਭਰੀ ਸੀ। ਟੇਕ-ਆਫ ਦੌਰਾਨ ਇਸ ਦੇ ਫਲਾਈਟ ਮੈਨੇਜਮੈਂਟ ਸਿਸਟਮ ‘ਚ ਤਕਨੀਕੀ ਖਰਾਬੀ ਆ ਗਈ। ਦੱਸਿਆ ਜਾ ਰਿਹਾ ਹੈ ਕਿ ਟੇਕ ਆਫ ਤੋਂ ਪਹਿਲਾਂ ਪਾਇਲਟ ਨੂੰ ਇਹ ਖਰਾਬੀ ਨਜ਼ਰ ਨਹੀਂ ਆਈ। ਹਾਲਾਂਕਿ ਬਾਅਦ ‘ਚ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਨੂੰ ਵਾਪਸ ਆਬੂ ਧਾਬੀ ਭੇਜ ਦਿੱਤਾ ਗਿਆ ਅਤੇ ਸੁਰੱਖਿਅਤ ਲੈਂਡ ਕਰ ਲਿਆ ਗਿਆ।