ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ
ਭਾਜਪਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ
ਮੋਦੀ ਦੇ ਸੰਸਦੀ ਖੇਤਰ ਵਿੱਚ ਵੀ ਦੇਖਣੀ ਪਈ ਹਾਰ
ਲਖਨਊ ,4 ਮਈ (ਵਿਸ਼ਵ ਵਾਰਤਾ) ਉੱਤਰ ਪ੍ਰਦੇਸ਼ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਲਈ ਇੱਕ ਹੋਰ ਬੇਹੱਦ ਬੁਰੀ ਖ਼ਬਰ ਹੈ, ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ। ਸਪਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਭਾਜਪਾ ਨੂੰ ਅਯੁੱਧਿਆ ਤੋਂ ਮਥੁਰਾ ਅਤੇ ਕਾਸ਼ੀ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਰਾਇਆ ਹੈ। ਹਾਲਾਂਕਿ, ਭਾਜਪਾ ਨੇ ਵੀ ਸੋਮਵਾਰ ਨੂੰ ਇਹ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਪਹਿਲੇ ਨੰਬਰ ‘ਤੇ ਹੈ। ਅਯੁੱਧਿਆ ਵਿੱਚ ਵੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਯੁੱਧਿਆ ਜ਼ਿਲੇ ‘ਚ 40 ਸੀਟਾਂ ਹਨ, ਜਿਨ੍ਹਾਂ ਵਿਚੋਂ ਸਮਾਜਵਾਦੀ ਪਾਰਟੀ ਨੇ 24 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਵੀ ਭਾਜਪਾ ਦੇ ਹਿੱਸੇ ਜ਼ਿਲ੍ਹਾ ਪੰਚਾਇਤ ਦੀਆਂ 40 ਸੀਟਾਂ ‘ਚੋਂ ਸਿਰਫ 8 ਸੀਟਾਂ ਗਈਆਂ ਹਨ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ 14 ਸੀਟਾਂ ਜਿੱਤੀਆਂ ਹਨ। ਮਥੁਰਾ ਜ਼ਿਲੇ ਵਿੱਚ ਵੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਇੱਥੇ ਬਸਪਾ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਇਸਦੇ 12 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ । ਆਰਐਲਡੀ ਦੇ 8 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ, ਭਾਜਪਾ 9 ਸੀਟਾਂ ‘ਤੇ ਸਿਮਟ ਗਈ ਹੈ। ਜਦਕਿ ਸਪਾ ਨੂੰ 1 ਸੀਟ ਅਤੇ 3 ਆਜ਼ਾਦ ਊਮੀਜਵਾਕ ਜੇਤੂ ਰਹੇ ਹਨ।























