ਉੱਘੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਲਈ ਕੋਰੋਨਾ ਵੈਕਸੀਨ ਦੀ ਡੋਜ਼, ਕਿਹਾ ਸਾਰੇ ਲਗਵਾਉਣ ਇਹ ਟੀਕਾ

ਮੋਹਾਲੀ, 2 ਅਪ੍ਰੈਲ ( ਵਿਸ਼ਵ ਵਾਰਤਾ )-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਮੋਹਾਲੀ ਦੇ ਗ੍ਰੇਸੀਅਨ ਹਸਪਤਾਲ ’ਚ ਕੋਰੋਨਾ–ਵੈਕਸੀਨ ਦੀ ਪਹਿਲੀ ਡੋਜ਼ ਲਈ। ਚੇਤੇ ਰਹੇ ਕਿ ਪਹਿਲੀ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਕੋਰੋਨਾ ਡੋਜ਼ ਦੀ ਸ਼ੁਰੂਆਤ ਹੋਈ ਹੈ।
ਵੈਕਸੀਨ ਦਾ ਟੀਕਾ ਲਗਵਾਉਣ ਤੋਂ ਬਾਅਦ ਕਿਸਾਨ ਨੇਤਾ ਸ. ਬਡਹੇੜੀ ਨੇ ਸਮੂਹ ਲੋਕਾਂ, ਖ਼ਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਕੋਰੋਨਾ ਡੋਜ਼ ਜ਼ਰੂਰ ਲੈਣ ਤੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਹੋਰ ਵਹਿਮਾਂ ਉੱਤੇ ਯਕੀਨ ਨਾ ਕਰਨ।
ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਇਹ ਵੈਕਸੀਨ ਕੇਂਦਰ ਸਰਕਾਰ ਨੇ ਨਹੀਂ, ਸਗੋਂ ਭਾਰਤ ਦੇ ਵਿਗਿਆਨੀਆਂ ਤੇ ਡਾਕਟਰਾਂ ਨੇ ਮਿਲ ਕੇ ਤਿਆਰ ਕੀਤੀ ਹੈ, ਸਾਨੂੰ ਉਨ੍ਹਾਂ ਉੱਤੇ ਭਰੋਸਾ ਜ਼ਰੂਰ ਕਰਨਾ ਚਾਹੀਦਾ ਹੈ। ਉਹ ਸਾਡੇ ‘ਕੋਰੋਨਾ ਵਾਰੀਅਰਜ਼’ (ਕੋਰੋਨਾ ਜੋਧੇ) ਹਨ।
ਗ਼ੌਰਤਲਬ ਹੈ ਕਿ ਬੀਤੇ ਦਿਨੀਂ ਸ. ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਪਿੰਡ ਹਰਪੁਰਾ (ਗੁਰਦਾਸਪੁਰ) ’ਚ ਸੁਤੰਤਰਤਾ ਸੰਗ੍ਰਾਮੀ ਉਜਾਗਰ ਸਿੰਘ ਹਰਪੁਰਾ ਦੀ ਯਾਦ ’ਚ ਸਿਹਤ ਸੇਵਾ ਕੇਂਦਰ ਛੇਤੀ ਉਸਾਰਨ ਦੀ ਮੰਗ ਰੱਖੀ ਸੀ। ਤਦ ਮਾਣਯੋਗ ਮੰਤਰੀ ਨੇ ਵੀ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਜੱਟ ਮਹਾਂਸਭਾ ਦੇ ਮੈਂਬਰਾਂ ਨੂੰ ਵੀ ਕੋਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ।






















