ਈਰਾਨ-ਅੱਤਵਾਦੀ ਹਮਲੇ ‘ਚ 27 ਦੀ ਮੌਤ
ਚੰਡੀਗੜ੍ਹ, 5ਅਪ੍ਰੈਲ(ਵਿਸ਼ਵ ਵਾਰਤਾ)- ਈਰਾਨ ਦੇ ਚਾਬਹਾਰ ਅਤੇ ਰਸਕ ਸ਼ਹਿਰਾਂ ‘ਚ ਅੱਤਵਾਦੀ ਹਮਲੇ ਹੋਏ ਹਨ। ਇੱਕ ਨਿਊਜ਼ ਏਜੰਸੀ ਮੁਤਾਬਕ ਇਸ ‘ਚ 11 ਸੁਰੱਖਿਆ ਕਰਮੀ ਅਤੇ 16 ਨਾਗਰਿਕਾਂ ਦੀ ਮੌਤ ਹੋ ਗਈ ਹੈ। ਕਰੀਬ 10 ਸੁਰੱਖਿਆ ਅਧਿਕਾਰੀ ਜ਼ਖਮੀ ਹੋਏ ਹਨ। ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਹਮਲਾ ਬੁੱਧਵਾਰ ਰਾਤ ਨੂੰ ਹੋਇਆ। ਇਹ ਹਮਲਾ ਜੈਸ਼-ਅਲ-ਅਦਲ ਦੇ ਅੱਤਵਾਦੀਆਂ ਨੇ ਕੀਤਾ ਸੀ। ਮਰਨ ਵਾਲਿਆਂ ਵਿੱਚ 2 ਪੁਲਿਸ ਅਧਿਕਾਰੀ, 2 ਬਾਰਡਰ ਗਾਰਡ ਅਤੇ 7 ਸੈਨਿਕ ਸ਼ਾਮਲ ਹਨ। ਈਰਾਨ ਦੇ ਉਪ ਗ੍ਰਹਿ ਮੰਤਰੀ ਮਾਜਿਦ ਮਿਰਹਮਾਦੀ ਨੇ ਕਿਹਾ ਕਿ ਅੱਤਵਾਦੀ ਚਾਬਹਾਰ ‘ਚ ਮੌਜੂਦ ਬਾਰਡਰ ਗਾਰਡਜ਼ ਦੇ ਹੈੱਡਕੁਆਰਟਰ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਹਾਲਾਂਕਿ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਈਰਾਨੀ ਮੀਡੀਆ ਅਨੁਸਾਰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਨੇ ਹੁਣ ਤੱਕ 15 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।