ਇੱਕ ਹੋਰ ਸਾਬਕਾ ਵਿਧਾਇਕ ਤੇ ਵਿਜੀਲੈਂਸ ਨੇ ਕਸਿਆ ਸ਼ਿਕੰਜਾ
ਫਾਰਮ ਹਾਊਸ ਤੇ ਮਾਰਿਆ ਛਾਪਾ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 28 ਫਰਵਰੀ(ਵਿਸ਼ਵ ਵਾਰਤਾ)-ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਜਾਰੀ ਹੈ। ਅੱਜ ਵਿਜੀਲੈਂਸ ਨੇ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਉਤੇ ਸ਼ਿਕੰਜਾ ਕਸਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਨੇੜੇ ਕਿੱਕੀ ਢਿੱਲੋਂ ਵੱਲੋਂ ਬਣਾਏ ਗਏ ਫਾਰਮ ਹਾਊਸ ਉਤੇ ਅੱਜ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਹੁਣ ਤੱਕ ਕਈ ਮੰਤਰੀਆਂ ਤੇ ਵਿਧਾਇਕਾਂ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ। ਅੱਜ ਵਿਜੀਲੈਂਸ ਕਿੱਕੀ ਢਿੱਲੋਂ ਦੇ ਫਾਰਮ ਉਤੇ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪਹਿਲਾਂ ਹੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਾਡਾਰ ਤੇ ਹਨ। ਉਨ੍ਹਾਂ ਨੂੰ ਪਹਿਲਾਂ 30 ਜਨਵਰੀ ਨੂੰ ਫ਼ਰੀਦਕੋਟ ਦੇ ਵਿਜੀਲੈਂਸ ਦਫ਼ਤਰ ਵਿਖੇ ਤਲਬ ਕਰਕੇ ਸਵਾਲ ਜਵਾਬ ਕੀਤੇ ਗਏ ਸਨ। ਉਨ੍ਹਾਂ ‘ਤੇ ਹੋਰ ਜਾਇਦਾਦਾਂ ਬਣਾਉਣ ਤੋਂ ਇਲਾਵਾ ਇਹ ਵੀ ਦੋਸ਼ ਸੀ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਹੀ ਉਨ੍ਹਾਂ ਨੇ ਫ਼ਰੀਦਕੋਟ ਵਿੱਚ ਹੀ 70 ਏਕੜ ਜ਼ਮੀਨ ਖਰੀਦੀ ਸੀ।