ਇੱਕ ਹੋਰ ਅਣਪਛਾਤੀ ਲਾਸ਼ ਦੀ ਪਛਾਣ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਵਜੋਂ ਹੋਈ
ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਪਛਾਣ
ਬਟਾਲਾ, 6 ਸਤੰਬਰ ( ) – ਬਟਾਲਾ ਹਾਦਸੇ ਵਿੱਚ ਮਾਰੇ ਗਏ 23 ਵਿਅਕਤੀਆਂ ਵਿਚੋਂ 22 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਐੱਸ.ਐੱਮ.ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਕੁਮਾਰ ਭੱਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੀਆਂ ਦੋ ਲਾਸ਼ਾਂ ਵਿਚੋਂ ਇੱਕ ਹੋਰ ਲਾਸ਼ ਦੀ ਪਛਾਣ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਵਜੋਂ ਹੋਈ ਹੈ ਜਦਕਿ ਇੱਕ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਡਾ. ਭੱਲਾ ਨੇ ਅੱਗੇ ਦੱਸਿਆ ਕਿ ਬੀਤੇ ਕੱਲ ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਜੋ ਲਾਸ਼ ਨਾ ਮਿਲਣ ਬਾਰੇ ਇਤਰਾਜ਼ ਕੀਤਾ ਜਾ ਰਿਹਾ ਸੀ, ਪਰ ਜਦੋਂ ਉਨ੍ਹਾਂ ਨੂੰ 2 ਅਣਪਛਾਤੀਆਂ ਲਾਸ਼ਾਂ ਦਿਖਾਈਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਵਿਚੋਂ ਇੱਕ ਲਾਸ਼ ਦੀ ਪਛਾਣ ਸਤਨਾਮ ਸਿੰਘ ਵਜੋਂ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਦਾ ਪੋਸਟਮਾਰਟਮ ਵੀ ਅੱਜ ਕਰ ਦਿੱਤਾ ਗਿਆ ਹੈ ਅਤੇ ਕੱਲ ਨੂੰ ਇਹ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੁਣ ਸਿਰਫ ਇੱਕ ਲਾਸ਼ ਦੀ ਪਛਾਣ ਹੋਣੀ ਬਾਕੀ ਰਹਿ ਗਈ ਹੈ।