ਇੱਕ ਵਿਚਾਰ :ਲਾਲ ਕਿਲ੍ਹੇ ਤੇ ਝੰਡਾ,ਫਾਇਦਾ ਜਾਂ ਨੁਕਸਾਨ
ਆਰ ਐਸ ਬਰਾੜ ਦੀਆਂ ਸਤਰਾਂ ਲਿਖਿਆ ਪੜ੍ਹੋ ਜਰੂਰ

ਕੁਝ ਲੋਕਾਂ ਨੂੰ ਇਹ ਗੱਲ ਹੁਲਾਰਾ ਦੇ ਸਕਦੀ ਹੈ, ਉਤਸ਼ਾਹ ਨਾਲ ਭਰ ਸਕਦੀ ਹੈ ਕਿ ਆਖਿਰ 26 ਜਨਵਰੀ ਨੂੰ ਸਾਰੀਆਂ ਰੋਕਾਂ ਤੋੜ ਕੇ ਕੁਝ ਕਿਸਾਨ ਯੋਧੇ ਨਾ ਕੇਵਲ ਰਿੰਗ ਰੋਡ ਤੇ ਹੀ ਜਾ ਵੜੇ ਸਗੋਂ ਲਾਲ ਕਿਲੇ ਦੀ ਫਸੀਲ ਤੇ ਵੀ ਜਾ ਚੜ੍ਹੇ ਅਤੇ ਝੰਡੇ ਝੁਲਾ ਦਿੱਤੇ। ਦੂਜੇ ਪਾਸੇ ਇਹ ਸੋਚਣ ਵਾਲੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਅਜਿਹਾ ਪ੍ਰੋਗਰਾਮ ਨਹੀਂ ਸੀ। ਇਸ ਘਟਨਾ ਨੂੰ ਬਹਾਨਾ ਬਣਾ ਕੇ ਹੁਣ ਸਰਕਾਰ ਕਿਸਾਨਾਂ ਤੇ ਤਸ਼ੱਦਦ ਕਰੇਗੀ। ਅੱਜ ਵੀ ਬੜੀਆਂ ਥਾਵਾਂ ਤੇ ਲਾਠੀਚਾਰਜ ਹੋਇਆ ਹੈ। ਦੇਸ਼ ਦੁਨੀਆਂ ਵਿਚ ਕਿਸਾਨਾਂ ਨੂੰ ਵਾਅਦਾ ਤੋੜਨ ਵਾਲੇ ਦੰਗਈਆਂ ਵਜੋਂ ਪੇਸ਼ ਕਰੇਗੀ। ਆਖਿਰ ਸਰਕਾਰ ਗੱਲਬਾਤ ਚਲਾ ਰਹੇ ਲੀਡਰਾਂ ਨਾਲ ਗੱਲਬਾਤ ਤੋੜੇਗੀ ਕਿ ਤੁਸੀਂ ਲੀਡਰ ਨਹੀਂ ਹੋ। ਸੋ ਸਪਸ਼ਟ ਹੈ ਕਿ ਇਸ ਐਕਸ਼ਨ ਦਾ ਫਾਇਦਾ ਕਿਸਾਨਾਂ ਨੂੰ ਨਹੀਂ ਸਗੋਂ ਸਰਕਾਰ ਨੂੰ ਹੋਵੇਗਾ। ਇਕ ਗੱਲ ਹੋਰ ਸਪਸ਼ਟ ਕਰਨ ਵਾਲੀ ਹੈ ਕਿ ਝੰਡਾ ਝੁਲਾਉਣ ਵਾਲਿਆਂ ਨੇ ਕਿਸਾਨ ਯੂਨੀਅਨ ਦਾ ਝੰਡਾ ਨਹੀਂ ਝੁਲਾਇਆ। ਹੁਣ ਅਗਲਾ ਮਸਲਾ ਪੈਦਾ ਹੁੰਦਾ ਹੈ ਕਿ ਝੁਲਾਇਆ ਝੰਡਾ ਵੀ ਲਾਲ ਕਿਲੇ ਉਪਰ ਕਿੰਨੀ ਕੁ ਦੇਰ ਰਿਹਾ। ਕੀ ਕਿਸਾਨ ਅੰਦੋਲਨ ਦੀ ਆੜ ਵਿਚ ਕਿਸਾਨਾਂ ਦੇ ਭੇਸ ਵਿਚ ਜਾ ਕੇ ਇਕ ਵਾਰ ਝੰਡਾ ਝੁਲਾ ਦੇਣਾ ਹੀ ਬਹਾਦਰੀ ਹੈ? ਜਾਂ ਫਿਰ ਉਸ ਝੰਡੇ ਦੀ ਰਾਖੀ ਲਈ ਪੂਰੀ ਤਾਕਤ ਅਤੇ ਤਿਆਰੀ ਵੀ ਹੈ? ਅਜਿਹੀ ਮਾਅਰਕੇਬਾਜ਼ੀ ਵਾਲੀ ਕਾਰਵਾਈ ਇਕ ਵਾਰ ਤਾਂ ਬੱਲੇ ਬੱਲੇ ਕਰਵਾ ਦਿੰਦੀ ਹੈ ਪਰ ਲੰਮੇ ਸਮੇਂ ਲਈ ਨੁਕਸਾਨਦੇਹ ਹੁੰਦੀ ਹੈ। ਹਰ ਵਿਅਕਤੀ ਨੂੰ ਆਪਣੀ ਰਾਇ ਰੱਖਣ ਅਤੇ ਆਪਣੀ ਸਰੀਰਕ ਬੌਧਿਕ ਜਥੇਬੰਦਕ ਤਾਕਤ ਨਾਲ ਝੰਡਾ ਗੱਡਣ ਦੀ ਗੱਲ ਸਮਝ ਆਉਂਦੀ ਹੈ ਪਰ ਇਹ ਸਭ ਕੁਝ ਆਪਣੇ ਬਲਬੂਤੇ ਕਰਨਾ ਚਾਹੀਦਾ ਸੀ। ਮੌਜੂਦਾ ਕਾਰਵਾਈ ਨਾਲ ਤਾਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਕਿਸਾਨ ਮੰਗਾਂ ਜਿਨ੍ਹਾਂ ਉਪਰ ਕਿਸਾਨ ਸਿਦਕ, ਸਿਰੜ ਅਤੇ ਸ਼ਾਂਤੀ ਨਾਲ ਪਹਿਰਾ ਦੇ ਰਹੇ ਸੀ, ਨੂੰ ਪਿੱਛੇ ਪਾਉਣ ਦਾ ਕੰਮ ਹੀ ਕੀਤਾ ਹੈ। ਕਿਸਾਨ ਆਗੂਆਂ ਵੱਲੋਂ ਨਿਰਧਾਰਤ ਕੀਤੀ ਪਰੇਡ ਨਾਲ ਕਿਸਾਨਾਂ ਦਾ ਗੌਰਵ ਸਥਾਪਤ ਹੋਣਾ ਸੀ ਅਤੇ ਉਨ੍ਹਾਂ ਦੀਆਂ ਮੰਗਾਂ ਦੁਨੀਆਂ ਭਰ ਵਿਚ ਸਥਾਪਤ ਹੋਣੀਆਂ ਸਨ ਪਰ ਇਸ ਘਟਨਾ ਨੇ ਕਿਸਾਨ ਪਰੇਡ ਦਾ ਮਹੱਤਵ ਘਟਾ ਦਿੱਤਾ ਹੈ ਅਤੇ ਦੇਸ਼ ਦੁਨੀਆਂ ਸਾਹਮਣੇ ਪੰਜਾਬੀ ਸਿੱਖ ਕਿਸਾਨਾਂ ਨੂੰ ਦੰਗਈ ਬਣਾ ਕੇ ਪੇਸ਼ ਕਰ ਦਿੱਤਾ ਹੈ। ਭਾਵੇਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਆਪ ਨੂੰ ਇਸ ਘਟਨਾ ਤੋਂ ਅਲੱਗ ਕਰ ਲਿਆ ਹੈ ਪਰ ਇਸ ਨਾਲ ਕਿਸਾਨ ਅੰਦੋਲਨ ਵਿਚ ਫੁੱਟ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਨਾਲ ਦੇਸ਼ ਦੀਆਂ ਬਾਕੀ ਜਥੇਬੰਦੀਆਂ ਵੀ ਦੂਰ ਹੋ ਸਕਦੀਆਂ ਹਨ। ਇੰਜ ਜਾਪਦਾ ਹੈ ਕਿ ਸਰਕਾਰ ਦੀਆਂ ਏਜੰਸੀਆਂ ਆਪਣਾ ਅੰਸ਼ਕ ਕੰਮ ਕਰ ਗਈਆਂ ਹਨ। ਹੁਣ ਕਿਸਾਨਾਂ, ਕਿਸਾਨ ਆਗੂਆਂ ਅਤੇ ਕਿਸਾਨ ਸਮਰਥਕਾਂ ਨੂੰ ਆਪਣੀ ਭਵਿੱਖ ਦੀ ਰਣਨੀਤੀ ਵਧੇਰੇ ਸੰਭਲ ਕੇ ਚੌਕਸੀ ਨਾਲ ਤਹਿ ਕਰਨੀ ਪਵੇਗੀ।






















