ਅੰਮ੍ਰਿਤਸਰ ਤੋਂ ਅਹਿਮਦਾਬਾਦ ਹੁਣ ਸਵਾ ਦੋ ਘੰਟਿਆਂ ਵਿੱਚ
ਇੰਡੀਗੋ ਏਅਰਲਾਈਨਜ਼ ਨੇ ਸ਼ੁਰੂ ਕੀਤੀ ਹਫ਼ਤੇ ਵਿੱਚ 3 ਦਿਨ ਉਡਾਣ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)-ਇੰਡੀਗੋ ਏਅਰਲਾਈਨਜ਼ ਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਕਾਰ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਹਫ਼ਤੇ ਵਿੱਚ ਤਿੰਨ ਦਿਨ ਇਹ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇੰਡੀਗੋ ਨੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਫਲਾਈਟ ਲਈ ਆਪਣੀ ਸਾਈਟ ‘ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਿੱਥੇ ਸਪਾਈਸ ਜੈੱਟ ਦਾ ਏਕਾਧਿਕਾਰ ਟੁੱਟ ਜਾਵੇਗੇ, ਉੱਥੇ ਹੀ ਸਮੇਂ ਦੇ ਨਾਲ-ਨਾਲ ਯਾਤਰੀਆਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ।
ਇੰਡੀਗੋ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਅਰਲਾਈਨਜ਼ ਨੇ 1 ਦਸੰਬਰ ਤੋਂ ਹਫ਼ਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫਲਾਈਟ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਸ਼ਾਮ 7:25 ‘ਤੇ ਉਡਾਣ ਭਰੇਗੀ ਅਤੇ ਰਾਤ 9:35 ‘ਤੇ ਅਹਿਮਦਾਬਾਦ, ਗੁਜਰਾਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਅਹਿਮਦਾਬਾਦ ਤੋਂ ਇਹ ਉਡਾਣ ਸ਼ਾਮ 4:50 ‘ਤੇ ਉਡਾਣ ਭਰੇਗੀ ਅਤੇ ਇਹ ਉਡਾਣ ਸ਼ਾਮ 6:55 ‘ਤੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।