ਇਸਤਰੀ ਜਾਗ੍ਰਤੀ ਮੰਚ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਮੁਲਾਕਾਤ; ਸੌਂਪਿਆ ਮੰਗ ਪੱਤਰ
ਚੰਡੀਗੜ੍ਹ, 27 ਨਵੰਬਰ, 2021(ਵਿਸ਼ਵ ਵਾਰਤਾ);-ਇਸਤਰੀ ਜਾਗ੍ਰਿਤੀ ਮੰਚ ਦੇ ਵਫ਼ਦ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੂੰ ਮਿਲ ਕੇ ਮੰਗ ਪੱਤਰ ਸੌਂਪਦੇ ਹੋਏ ਜ਼ੋਰਦਾਰ ਸ਼ਬਦਾਂ ‘ਚ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੁਆਰਾ ਪੀੜਤ ਲੜਕੀਆਂ ਨੂੰ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਵੇ ਨਹੀਂ ਤਾਂ ਕੋਰਟਾਂ ਨੂੰ ਖਰਚੇ ਲਈ ਪਾਬੰਦ ਕੀਤਾ ਜਾਵੇ, ਬੇਸਹਾਰਾ ਪੀਡ਼ਤ ਲਡ਼ਕੀਆਂ ਦੇ ਵਸੇਬੇ ਲਈ ਹਰੇਕ ਜ਼ਿਲ੍ਹੇ ਵਿੱਚ ਸ਼ੈਲਟਰ ਹੋਮ ਬਣਾਉਣੇ ਯਕੀਨੀ ਬਣਾਏ ਜਾਣ ਅਤੇ ਪੀਡ਼ਤ ਲਡ਼ਕੀਆਂ ਦੇ ਵਸੇਬੇ ਲਈ ਸਰਕਾਰ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੇ।
ਇਸ ਸੰਬੰਧੀ ਗੱਲਬਾਤ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੇ ਸਕੱਤਰ ਅਮਨ ਦੀਪ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਧ ਰਹੇ ਘਰੇਲੂ ਹਿੰਸਾ ਦੇ ਕੇਸਾਂ ਵਿਚ ਔਰਤਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਇਸ ਦਾ ਪ੍ਰਮੁੱਖ ਕਾਰਨ ਔਰਤਾਂ ਦੀ ਇਸ ਸਮਾਜ ਦੀ ਸਮੁੱਚੀ ਜਾਇਦਾਦ ਵਿੱਚੋਂ ਹਿੱਸੇਦਾਰੀ ਨਾਂਮਾਤਰ ਹੀ ਹੈ ਜਿਸ ਕਰਕੇ ਲੜਕੀਆਂ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਉਨ੍ਹਾਂ ਦੀ ਬਣਦੀ ਥਾਂ ਨਹੀਂ ਮਿਲ ਰਹੀ। ਹਜ਼ਾਰਾਂ ਲੜਕੀਆਂ ਦੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ ਪਰ ਅਦਾਲਤਾਂ ਵਿੱਚ ਵੀ ਖ਼ਰਚੇ ਦੇ ਕੇਸ ਸਾਲਾਂਬੱਧੀ ਲਟਕਦੇ ਰਹਿੰਦੇ ਹਨ ਅਤੇ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੁਲੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਜਿਸ ਕਰਕੇ ਔਰਤਾਂ ਨੂੰ ਇਨਸਾਫ਼ ਦੀ ਕੋਈ ਵੀ ਕਿਰਨ ਨਜ਼ਰ ਨਹੀਂ ਆ ਰਿਹਾ ਹੈ।
ਇਸ ਮੌਕੇ ਇਸਤਰੀ ਜਾਗ੍ਰਤੀ ਮੰਚ ਦੇ ਆਗੂ ਜਗਜੀਤ ਕੌਰ ਅਤੇ ਸੰਦੀਪ ਕੌਰ ਹਾਜ਼ਰ ਸਨ।